ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਪ੍ਰਿਅੰਕਾ ਚੋਪੜਾ ਦਾ ਕਰੀਅਰ ਖਰਾਬ ਕਰਨ ਦੇ ਲੱਗੇ ਦੋਸ਼ਾਂ ਦਾ ਜਵਾਬ ਨਿਰਦੇਸ਼ਕ ਕਰਨ ਜੌਹਰ ਵੱਲੋਂ ਅੱਜ ਇੱਕ ਨੋਟ ਸਾਂਝਾ ਕਰ ਕੇ ਦਿੱਤਾ ਗਿਆ। ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਕਰਨ ਜੌਹਰ ਨੇ ਕਿਹਾ, ”ਲਾ ਲਓ ਦੋਸ਼…ਅਸੀਂ ਝੁਕਣ ਵਾਲਿਆਂ ਵਿੱਚੋਂ ਨਹੀਂ…ਝੂਠ ਦੇ ਬਣ ਜਾਓ ਗ਼ੁਲਾਮ…ਅਸੀਂ ਬੋਲਣ ਵਾਲਿਆਂ ਵਿੱਚੋਂ ਨਹੀਂ…ਜਿੰਨਾ ਹੇਠਾ ਡਿਗੋਗੇ…ਜਿੰਨੇ ਦੋਸ਼ ਲਗਾਓਂਗੇ…ਅਸੀਂ ਡਿੱਗਣ ਵਾਲਿਆਂ ਵਿੱਚੋਂ ਨਹੀਂ…ਸਾਡਾ ਕੰਮ ਹੀ ਸਾਡੀ ਜਿੱਤ ਹੈ…ਤੁੁਸੀਂ ਤਲਵਾਰ ਚੁੱਕ ਲਓ…ਅਸੀਂ ਮਰਨ ਵਾਲਿਆਂ ਵਿੱਚੋਂ ਨਹੀਂ।’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕਰਨ ਜੌਹਰ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਹ ਅਨੁਸ਼ਕਾ ਸ਼ਰਮਾ ਦੇ ਕਰੀਅਰ ਦਾ ‘ਕਤਲ’ ਕਰ ਦੇਣਾ ਚਾਹੁੰਦਾ ਸੀ। ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੀ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ ਵਿੱਚ ਕਰਨ ਜੌਹਰ ਤੇ ਅਨੁਸ਼ਕਾ ਸ਼ਰਮਾ ਵਿਚਾਲੇ ਹੋਈ ਗੱਲਬਾਤ ਵਿੱਚ ਇਹ ਗੱਲ ਜ਼ਾਹਿਰ ਹੋਈ ਸੀ ਕਿ ਅਨੁਸ਼ਕਾ ਦੀ ਪਹਿਲੀ ਫਿਲਮ ‘ਰੱਬ ਨੇ ਬਨਾ ਦੀ ਜੋੜੀ’ ਵੇਲੇ ਕਰਨ ਨੂੰ ਅਨੁਸ਼ਕਾ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ‘ਤੇ ਹੱਸਦਿਆਂ ਅਨੁਸ਼ਕਾ ਨੇ ਕਿਹਾ ਸੀ ਕਿ ਕਰਨ ਨੇ ਉਸ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੀਡੀਓ ਉਦੋਂ ਚਰਚਾ ਵਿੱਚ ਆਈ, ਜਦੋਂ ਹਾਲ ਹੀ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਕਰੀਅਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਗੱਲ ਉੱਠੀ। ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਸ ਦੇ ਰਾਹ ਵਿੱਚ ਅੜਾਏ ਗਏ ਅੜਿੱਕਿਆਂ ਕਾਰਨ ਹੀ ਉਹ ਹਾਲੀਵੁੱਡ ਜਾ ਕੇ ਕੰਮ ਕਰਨ ਲੱਗੀ ਸੀ। -ਏਐੱਨਆਈ