ਮੁੰਬਈ: ਨਿਰਦੇਸ਼ਕ ਅਤੇ ਲੇਖਕ ਫਰਹਾਦ ਸਾਮਜੀ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਕੰਮ ਕਰ ਕੇ ਬਾਗੋ-ਬਾਗ ਹੈ। ਉਸ ਨੇ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਨਿਰਦੇਸ਼ਨ ਕੀਤਾ ਹੈ। ਸਾਮਜੀ ਨੂੰ ਫਿਲਮ ਖੇਤਰ ਵਿੱਚ ਕੰਮ ਕਰਦਿਆਂ ਕਈ ਸਾਲ ਹੋ ਗਏ ਹਨ। ਉਸ ਨੇ ਕਿਹਾ ਕਿ ਸਲਮਾਨ ਨਾਲ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਕੰਮ ਕਰ ਕੇ ਉਸ ਦਾ ਇੱਕ ਸੁਫ਼ਨਾ ਪੂਰਾ ਹੋਇਆ ਹੈ। ਸਲਮਾਨ ਖਾਨ ਨਾਲ ਕੰਮ ਕਰਨ ਦੀ ਖ਼ੁਸ਼ੀ ਅਤੇ ਅਨੁਭਵ ਸਾਂਝਾ ਕਰਦਿਆਂ ਨਿਰਦੇਸ਼ਕ ਨੇ ਕਿਹਾ ਕਿ ਉਸ ਨੇ ਸਲਮਾਨ ਖਾਨ ਦੀ ਫਿਲਮ ਦਾ ਨਿਰਦੇਸ਼ਨ ਕਰਨ ਲਈ 20 ਸਾਲ ਦਾ ਇੰਤਜ਼ਾਰ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਹੁਣ ਤਕ ਜੋ ਵੀ ਕੰਮ ਕੀਤਾ ਹੈ, ਉਹ ਹੀ ਇਹ ਫਿਲਮ ਬਣਾਉਣ ਦਾ ਆਧਾਰ ਬਣਿਆ ਹੈ। ਸਾਮਜੀ ਨੇ ਕਿਹਾ ਕਿ ਜਦੋਂ ਉਸ ਨੂੰ ਇਹ ਪਤਾ ਲੱਗਿਆ ਸੀ ਕਿ ਉਹ ਇਹ ਫਿਲਮ ਦਾ ਨਿਰਦੇਸ਼ਨ ਕਰੇਗਾ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ। ਇਸ ਫਿਲਮ ਦੇ ਨਿਰਦੇਸ਼ਨ ਲਈ ਉਸ ‘ਤੇ ਭਰੋਸਾ ਕਰਨ ਲਈ ਉਹ ਸਲਮਾਨ ਦਾ ਧੰਨਵਾਦੀ ਹੈ। -ਆਈਏਐਨਐਸ