ਸ. ਸ. ਰਮਲਾ
ਜਦੋਂ ਕੋਈ ਵੀ ਮਨੁੱਖ ਆਪਣੇ ਦਿਲ ਵਿੱਚ ਤੈਅ ਕੀਤੇ ਨਿਸ਼ਾਨਿਆਂ ਦੀ ਪੂਰਤੀ ਲਈ ਪੂਰੀ ਦ੍ਰਿੜਤਾ ਨਾਲ ਮਿਹਨਤ ਕਰਦਾ ਹੈ ਤਾਂ ਕਾਮਯਾਬੀ ਉਸ ਦੀ ਝੋਲੀ ਵਿੱਚ ਜ਼ਰੂਰ ਪੈਂਦੀ ਹੈ। ਇਸ ਤਰ੍ਹਾਂ ਦੀ ਹੀ ਰਿਹਾਨਾ ਭੱਟੀ ਹੈ। ਉਹ ਬਹੁਤ ਮਿਹਨਤ ਅਤੇ ਲਗਨ ਨਾਲ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣਾ ਨਾਮ ਕਮਾਉਣ ਵਾਲੀ ਗਾਇਕਾ ਹੈ। ਰਿਹਾਨਾ ਦਾ ਜਨਮ ਹੁਸ਼ਿਆਰਪੁਰ ਵਿਖੇ ਮਾਤਾ ਮੰਜੂ ਭੱਟੀ ਅਤੇ ਪਿਤਾ ਬਲਰਾਮ ਭੱਟੀ ਦੇ ਘਰ ਹੋਇਆ। ਉਸ ਨੇ ਉੱਚ ਵਿੱਦਿਆ ਆਪਣੇ ਸ਼ਹਿਰ ਤੋਂ ਪੂਰੀ ਕੀਤੀ ਹੈ ਅਤੇ ਨਾਲ ਹੀ ਫੈਸ਼ਨ ਡਿਜ਼ਾਈਨਰ ਦਾ ਡਿਪਲੋਮਾ ਵੀ ਕੀਤਾ।
ਰਿਹਾਨਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਹੋਣ ਕਰਕੇ ਉਸ ਨੇ ਸੰਗੀਤ ਦੀ ਸਿੱਖਿਆ ਸਰਗਮ ਸੰਗੀਤ ਕਲਾ ਕੇਂਦਰ ਜਲੰਧਰ ਦੇ ਮੁਖੀ ਉਸਤਾਦ ਪ੍ਰੋ. ਭੁਪਿੰਦਰ ਸਿੰਘ ਕੋਲੋਂ ਪ੍ਰਾਪਤ ਕੀਤੀ। ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਧਾਰਮਿਕ ਟਰੈਕ ‘ਆਪਣੇ ਹੱਕ’ ਨਾਲ ਕੀਤੀ ਸੀ ਜਿਸ ਨੂੰ ਹਰ ਵਰਗ ਵੱਲੋਂ ਪਸੰਦ ਕੀਤਾ ਗਿਆ ਸੀ। ਉਸ ਤੋਂ ਬਾਅਦ ‘ਗਾਗਰ ਦੀਆਂ ਛੱਲਾਂ’, ‘ਹਾਣੀ’, ‘ਪਾਹੁਲ’, ‘ਚੰਗੀ ਸੋਚ’, ‘ਰੱਖੀਆਂ ਮੈਂ ਆਸਾਂ’ ਤੇ ‘ਟਰੈਕ’ ਰਿਲੀਜ਼ ਹੋਏ। ਇਸ ਤੋਂ ਬਾਅਦ ਉਸ ਨੇ ‘ਰੋਹਬ ਜੱਟੀ ਦਾ’, ‘ਧੀਆਂ’, ‘ਚੂੜੀਆਂ’, ਧਾਰਮਿਕ ਟਰੈਕ ‘ਨੱਚ ਲੈਣ ਦੋ’, ‘ਰਾਖੇ ਸਭ ਦੇ ਸਤਿਗੁਰੂ ਸੁਆਮੀ’ ਨਾਲ ਪ੍ਰਸਿੱਧੀ ਹਾਸਲ ਕੀਤੀ। ਉਸ ਨੇ ਹੁਣ ਤੱਕ ਬਹੁਤੇ ਗੀਤ ਗੀਤਕਾਰ ਸੀਤਲ ਸਾਗਰਪੁਰੀਆ, ਮੌਜੀ ਤਲਵਣ ਵਾਲਾ, ਦੀਪ ਮਾਧੋਪੁਰੀ, ਵਿਜੈ ਅਟਵਾਲ, ਮਲਕੀਤ ਧੀਰਪੁਰ, ਨੀਆਮਤੀ ਸਿੱਧੂ ਜਰਮਨੀ, ਰਿੰਕੂ ਬੱਸੀ ਕਲਾਂ, ਰਾਜ ਮਤਫੱਲੁ ਨਿਊਜ਼ੀਲੈਂਡ, ਰਣਜੀਤ ਦੀਨਪੁਰੀ, ਦੀਪ ਮੰਗਲੀ ਯੂਐੱਸਏ, ਪੰਛੀ ਡੱਲੇਵਾਲੀਆ, ਜਸਬੀਰ ਦੋਲੀਕੇ ਦੇ ਲਿਖੇ ਰਿਕਾਰਡ ਕਰਵਾਏ ਹਨ।
ਮਾਨ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਫਿਲਮ ‘ਡਰ’ ਵਿੱਚ ਲੇਖਕ ਕਾਕਾ ਪੀਰ ਪੁਰੀਆ ਦੇ ਲਿਖੇ ਗੀਤ ਨੂੰ ਗਾਉਣ ਦਾ ਸਬੱਬ ਵੀ ਰਿਹਾਨਾ ਭੱਟੀ ਦੇ ਹਿੱਸੇ ਆਇਆ ਹੈ ਜਿਸ ਦੇ ਬੋਲ ਹਨ :
ਮਾਤਾ ਭਾਗੋ ਵਰਗੇ ਕਿਰਦਾਰ ਵੀ ਨੇ ਸਾਡੇ
ਝਾਂਸੀ ਦੀ ਰਾਣੀ ਵਰਗੇ ਵਾਰ ਵੀ ਨੇ ਸਾਡੇ
ਅੰਬਰੀ ਜਹਾਜ਼ ਉਡਾਈਏ
ਪਾਈਏ ਨਵੀਆਂ ਹੁਣ ਲੀਹਾਂ
ਤੁਸੀਂ ਧੀਆਂ ਨੂੰ ਪੁੱਤ ਕਹਿ ਸਕਦੇ
ਨਹੀਂ ਪੁੱਤਰਾਂ ਨੂੰ ਧੀਆਂ
ਰਿਹਾਨਾ ਭੱਟੀ ਨੇ ਹੁਣ ਤੱਕ ਬਹੁਤੇ ਗੀਤ ਮਿਊਜ਼ਿਕ ਡਾਇਰੈਕਟਰ ਹਰੀ ਅਮਿਤ ਅਤੇ ਅਮਨ ਸਟਰਿੰਗ ਦੇ ਮਿਊਜ਼ਿਕ ਹੇਠ ਰਿਕਾਰਡ ਕਰਵਾਏ ਹਨ। ਸਮੇਂ ਸਮੇਂ ‘ਤੇ ਰਿਹਾਨਾ ਭੱਟੀ ਨੂੰ ਸੱਭਿਆਚਾਰਕ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਮਿਲਦਾ ਰਿਹਾ ਹੈ। ਪੰਜਾਬੀ ਵਿਰਾਸਤ ਸੱਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਗਾਇਕਾ ਦੇ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਚਮਕੀਲਾ ਯਾਦਗਾਰੀ ਮੇਲਾ, ‘ਮਹਿਕ ਪੰਜਾਬ ਦੀ’ ਵੱਲੋਂ ਵੀ ਸਨਮਾਨ ਮਿਲ ਚੁੱਕਾ ਹੈ। ਇਸ ਸਮੇਂ ਜਲੰਧਰ ਵਿਖੇ ਰਹਿ ਰਹੀ ਗਾਇਕਾ ਰਿਹਾਨਾ ਸੱਭਿਆਚਾਰ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਤਾਂ ਜੋ ਉਹ ਉਸ ਦੀ ਗਾਇਕੀ ਨਾਲ ਮੋਹ ਰੱਖਣ ਵਾਲੇ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਕਾਇਮ ਰੱਖ ਸਕੇ।
ਸੰਪਰਕ: 98722-50956