12.4 C
Alba Iulia
Tuesday, April 30, 2024

ਮੇਲੇ ਨੂੰ ਚੱਲ ਮੇਰੇ ਨਾਲ ਕੁੜੇ…

Must Read


ਡਾ. ਨਰਿੰਦਰ ਨਿੰਦੀ

ਬਾਰੀ ਬਰਸੀ ਖੱਟਣ ਗਿਆ ਸੀ

ਖੱਟ ਖੱਟ ਕੇ ਲਿਆਇਆ ਦਾਤੀ।

ਮੁੱਕੀ ਕਣਕਾਂ ਦੀ ਰਾਖੀ ਮੁੰਡਿਆ

ਅੱਜ ਆਈ ਵਿਸਾਖੀ।

ਵਿਸਾਖ ਦੇ ਮਹੀਨੇ ਦਾ ਕਿਸਾਨੀ ਤੇ ਪੰਜਾਬੀ ਜੀਵਨ ਵਿੱਚ ਅਹਿਮ ਸਥਾਨ ਹੈ। ਇਸ ਮਹੀਨੇ ਜਿੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਘਰ ਆਉਂਦੀ ਹੈ, ਉੱਥੇ ਹੀ ਖਾਲਸਾ ਪੰਥ ਦੀ ਸਥਾਪਨਾ ਚੜ੍ਹਦੇ ਵਿਸਾਖ ਵਿੱਚ ਕੀਤੀ ਗਈ ਸੀ ਜਿਸ ਨੂੰ ਵਿਸਾਖੀ ਵਜੋਂ ਮਨਾਇਆ ਜਾਂਦਾ ਹੈ। ਵਿਸਾਖੀ ਦਾ ਮੇਲਾ ਹਰ ਸਾਲ ਪੰਜਾਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵੈਦਿਕ ਦ੍ਰਿਸ਼ਟੀ ਅਨੁਸਾਰ ਵਿਸਾਖੀ ਵਾਲੇ ਦਿਨ ਸੂਰਜ ਦੀਆਂ ਕਿਰਨਾਂ ਮਨੁੱਖ ਦੇ ਸਰੀਰ ਵਿੱਚ ਤੇਜ਼ੀ ਨਾਲ ਗਰਮੀ ਪੈਦਾ ਕਰ ਦਿੰਦੀਆਂ ਹਨ। ਇਸ ਝਟਪਟ ਪੈਦਾ ਹੋਈ ਗਰਮੀ ਨੂੰ ਸਰੀਰ ਵਿੱਚ ਇਕਸਾਰ ਕਰਨ ਲਈ ਸੂਰਜ ਚੜ੍ਹਨ ਤੋਂ ਪੰਦਰਾਂ ਮਿੰਟ ਪਹਿਲਾਂ ਤੇ ਪੰਦਰਾਂ ਮਿੰਟ ਬਾਅਦ ਭਾਵ ਅੱਧਾ ਘੰਟਾ ਚੱਲਦੇ ਪਾਣੀ ਵਿੱਚ ਇਸ਼ਨਾਨ ਕਰਨਾ ਸਰੀਰਕ ਅਰੋਗਤਾ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸੇ ਕਰਕੇ ਪੁਰਾਤਨ ਸਮਿਆਂ ਤੋਂ ਵਿਸਾਖੀ ਦਾ ਮੇਲਾ ਨਦੀਆਂ ਜਾਂ ਸਰੋਵਰਾਂ ਦੇ ਕੰਢਿਆਂ ਉੱਤੇ ਲੱਗਦਾ ਆ ਰਿਹਾ ਹੈ।

ਵਿਸਾਖੀ ਤੱਕ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਵਾਢੀ ਆਰੰਭ ਹੋ ਜਾਂਦੀ ਹੈ। ਖੇਤਾਂ ਵਿੱਚ ਪੱਕੀ ਫ਼ਸਲ ਨੂੰ ਦੇਖ ਕੇ ਕਿਸਾਨ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਉਹ ਆਪਣੀ ਮਿਹਨਤ ਨੂੰ ਫ਼ਲ ਲੱਗਾ ਦੇਖ ਕੇ ਖੂਬ ਨੱਚਦਾ ਤੇ ਭੰਗੜਾ ਪਾਉਂਦਾ ਹੈ। ਇਸ ਲਈ ਵਿਸਾਖੀ ਕਿਸਾਨ ਦੀ ਹੱਡ-ਭੰਨਵੀਂ ਘਾਲ ਕਮਾਈ ਦਾ ਮੇਲਾ ਹੈ। ਕਣਕ ਦੀ ਫ਼ਸਲ ‘ਤੇ ਹੀ ਉਸ ਦੇ ਸਾਰੇ ਆਰਥਿਕ ਕਾਰਜ ਨਿਰਭਰ ਕਰਦੇ ਹਨ। ਇਸ ਲਈ ਕਣਕ ਦੇ ਰੂਪ ਵਿੱਚ ਸੋਨਾ ਘਰ ਆਉਣ ‘ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਸੇ ਕਰਕੇ ਇਹ ਗੀਤ ਗੂੰਜਦਾ ਹੈ:

ਖੇਤਾਂ ਵਿੱਚ ਕਣਕਾਂ ਪੱਕੀਆਂ ਨੇ

ਪਕਵਾਨ ਪਕਾਉਂਦੀਆਂ ਜੱਟੀਆਂ ਨੇ।

ਤੂੰ ਛੇਤੀ ਹੋ ਜਾ ਤਿਆਰ ਕੁੜੇ

ਮੇਲੇ ਨੂੰ ਚੱਲ ਮੇਰੇ ਨਾਲ ਕੁੜੇ।

ਕਣਕ ਦੀ ਫ਼ਸਲ ਘਰ ਆਉਣ ਨਾਲ ਸੁਆਣੀਆਂ ਖੁਸ਼ੀ ਵਿੱਚ ਅੰਦਰ ਬਾਹਰ ਲਿੱਪ-ਪੋਚ ਕੇ ਖੁਸ਼ੀ ਨਾਲ ਪਕਵਾਨ ਪਕਾਉਂਦੀਆਂ। ਢੋਲ ਵੱਜਦੇ ਤੇ ਕਿਸਾਨ ਸਜ-ਧਜ ਕੇ ਮੇਲਾ ਦੇਖਣ ਜਾਂਦੇ ਸਨ। ਕਵੀ ਧਨੀ ਰਾਮ ਚਾਤ੍ਰਿਕ ਨੇ ਇਨ੍ਹਾਂ ਪਲਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ:

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,

ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,

ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਮੇਲੇ ਵਿੱਚ ਪੁੱਜਕੇ ਗੱਭਰੂ ਤੇ ਮੁਟਿਆਰਾਂ ਖ਼ੂਬ ਨੱਚਦੇ ਟੱਪਦੇ, ਬੋਲੀਆਂ ਪਾਉਂਦੇ ਅਤੇ ਖਾਂਦੇ ਪੀਂਦੇ ਖੁਸ਼ੀ ਮਨਾਉਂਦੇ ਸਨ। ਇਹ ਤਸਵੀਰ ਅੱਜ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਖੇਤੀਬਾੜੀ ਦਾ ਮਸ਼ੀਨੀਕਰਨ ਹੋਣ ਕਰਕੇ ਕਣਕ ਦੀ ਵਾਢੀ ਦਾ ਕੰਮ ਝਟਪਟ ਮੁਕੰਮਲ ਹੋ ਜਾਂਦਾ ਹੈ, ਪਰ ਪੰਜਾਬੀ ਭਾਈਚਾਰੇ ਵਿੱਚ ਵਿਸਾਖੀ ਦੇ ਮੇਲੇ ਨੂੰ ਲੈ ਕੇ ਚਾਅ ਅੱਜ ਵੀ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ।

ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਲਈ ਵਿਸਾਖੀ ਦਾ ਮਹੱਤਵ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਣ ਕਾਰਨ ਹੋਰ ਵੀ ਵਧ ਜਾਂਦਾ ਹੈ। ਭਾਵੇਂ ਇਸ ਤੋਂ ਪਹਿਲਾਂ ਵੀ ਸਿੱਖਾਂ ਵੱਲੋਂ ਵਿਸਾਖੀ ਮਨਾਈ ਜਾਂਦੀ ਸੀ, ਪਰ ਖਾਲਸਾ ਪੰਥ ਦੀ ਸਾਜਨਾ ਇਸ ਦਿਨ ਹੀ ਹੋਣ ਕਾਰਨ ਇਸ ਦੀ ਮਾਨਤਾ ਬਹੁਤ ਜ਼ਿਆਦਾ ਵਧ ਗਈ। ਸਿੱਖਾਂ ਵਿੱਚ ਵਿਸਾਖੀ ਦਾ ਤਿਉਹਾਰ ਸਭ ਤੋਂ ਪਹਿਲਾਂ ਡੱਲੇ ਦੇ ਨਿਵਾਸੀ ਭਾਈ ਪਾਰੋ ਨੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਆਦੇਸ਼ ਨਾਲ 1538 ਈਸਵੀ ਵਿੱਚ ਗੋਇੰਦਵਾਲ ਵਿਖੇ ਮਨਾਉਣਾ ਸ਼ੁਰੂ ਕੀਤਾ ਸੀ। ਉਸ ਸਮੇਂ ਗੋਇੰਦਵਾਲ ਦੀ ਬਾਉਲੀ ਦਾ ਕੜ ਟੁੱਟਾ ਸੀ ਭਾਵ ਪਾਣੀ ਸਿੰਮ ਪਿਆ ਸੀ। ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਦੇਸ਼ ਨਾਲ ਵਿਸਾਖੀ 1589 ਈਸਵੀ ਨੂੰ ਮਨਾਈ ਗਈ ਸੀ ਕਿਉਂਕਿ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਸੰਪੂਰਨ ਹੋਇਆ ਸੀ। ਇਸ ਖੁਸ਼ੀ ਵਿੱਚ ਉੱਥੇ ਸੰਗਤਾਂ ਜੁੜੀਆਂ ਸਨ। ਵਿਸਾਖੀ ਵਾਲੇ ਦਿਨ 1699 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਚੁਣਕੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇਸ ਤਿਉਹਾਰ ਦਾ ਮਹੱਤਵ ਹੋਰ ਵੀ ਵਧਾ ਦਿੱਤਾ। ਉਦੋਂ ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦਾ ਮੇਲਾ ਹੁੰਮਹੁੰਮਾ ਕੇ ਭਰਦਾ ਹੈ:

ਆਰੀ ਆਰੀ ਆਰੀ

ਬਈ ਵਿੱਚ ਅਨੰਦਪੁਰ ਦੇ

ਭਰਦੀ ਵਿਸਾਖੀ ਭਾਰੀ

ਦੂਰ ਦੂਰ ਤੋਂ ਗੱਭਰੂ ਆਉਂਦੇ

ਘੋੜੇ ਊਠ ਸ਼ਿੰਗਾਰੀ

ਬਈ ਧੂਮੇਂ ਚਾਦਰੇ ਕੁੰਢੀਆਂ ਮੁੱਛਾਂ

ਚੱਲਦੀ ਖ਼ੂਬ ਕਟਾਰੀ

ਜ਼ੋਰ ਜਵਾਨੀ ਦੇ ਕਰਦੇ ਬੜੀ ਖਵਾਰੀ।

ਵਿਸਾਖੀ ਵਾਲੇ ਦਿਨ ਹੀ 1919 ਈਸਵੀ ਨੂੰ ਜੱਲ੍ਹਿਆਂ ਵਾਲੇ ਬਾਗ਼ ਵਿੱਚ ਆਜ਼ਾਦੀ ਦੇ ਆਸ਼ਕਾਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਇਸ ਕਰਕੇ ਵਿਸਾਖੀ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਵੀ ਮਨਾਈ ਜਾਂਦੀ ਹੈ। ਵਿਸਾਖੀ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਜ਼ਾਦੀ ਦੇ ਪਰਵਾਨਿਆਂ ਨੂੰ ਸਜਦਾ ਕਰਨ ਲਈ ਲੋਕ ਦੇਸ਼ ਵਿਦੇਸ਼ ਤੋਂ ਪੁੱਜਦੇ ਹਨ। ਵਿਸਾਖੀ ‘ਤੇ ਹੀ ਇੱਥੇ ਪਸ਼ੂਆਂ ਦੀ ਬਹੁਤ ਵੱਡੀ ਮੰਡੀ ਵੀ ਲੱਗਦੀ ਹੈ। ਵਿਸਾਖੀ ਤੋਂ ਹੀ ਬਿਕਰਮੀ ਸੰਮਤ ਆਰੰਭ ਹੁੰਦੀ ਹੈ। ਵਪਾਰੀ ਵਰਗ ਦੇ ਲੋਕ ਆਪਣਾ ਨਵਾਂ ਖਾਤਾ ਖੋਲ੍ਹਦੇ ਹਨ। ਇਸ ਪ੍ਰਕਾਰ ਵਿਸਾਖੀ ਤੇ ਵਿਸਾਖ ਦਾ ਮਹੀਨਾ ਆਪਣੇ ਵਿੱਚ ਜੀਵਨ ਦੇ ਕਈ ਪੱਖ ਸਮੋਈ ਬੈਠਾ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -