ਮੁੰਬਈ: ਫਿਲਮ ‘ਤੇਰੇ ਨਾਮ’ ਵਿੱਚ ਨਿਰਜਰਾ ਦੀ ਭੂਮਿਕਾ ਨਿਭਾਅ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਭੂਮਿਕਾ ਚਾਵਲਾ ਦੋ ਦਹਾਕਿਆਂ ਬਾਅਦ ਅਦਾਕਾਰ ਸਲਮਾਨ ਖ਼ਾਨ ਨਾਲ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਦਿਖਾਈ ਦੇਵੇਗੀ। ਇਹ ਫਿਲਮ 21 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਭੂਮਿਕਾ ਨੇ ਸਲਮਾਨ ਖਾਨ ਨਾਲ ਹੀ ਆਪਣੀ ਪਹਿਲੀ ਹਿੰਦੀ ਫਿਲਮ ਕੀਤੀ ਸੀ ਤੇ ਵੀਹ ਸਾਲਾਂ ਬਾਅਦ ਉਸ ਨਾਲ ਮੁੜ ਕੰਮ ਕਰਕੇ ਬਹੁਤ ਖੁਸ਼ ਹੈ। ਅਦਾਕਾਰਾ ਨੇ ਕਿਹਾ, ‘ਫਿਲਮ ‘ਤੇਰੇ ਨਾਮ’ ਦੇ ਪ੍ਰਸ਼ੰਸਕ ਅਕਸਰ ਇਹ ਸਵਾਲ ਕਰਦੇ ਸਨ ਕਿ ਨਿਰਜਰਾ ਤੇ ਰਾਧੇ ਹੁਣ ਦੁਬਾਰਾ ਕਦੋਂ ਇਕੱਠੇ ਦਿਖਣਗੇ…ਖੈਰ ‘ਤੇਰੇ ਨਾਮ 2’ ਸ਼ਾਇਦ ਹਾਲੇ ਹੋਰ ਸਮਾਂ ਲਵੇ…ਪਰ ਹੁਣ ਦਰਸ਼ਕਾਂ ਨੂੰ ਅਸੀਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਜ਼ਰੂਰ ਦਿਖਾਈ ਦੇਵਾਂਗੇ।’ ਪਿਛਲੇ ਸਮੇਂ ਨੂੰ ਯਾਦ ਕਰਦਿਆਂ ਅਦਾਕਾਰਾ ਨੇ ਦੱਸਿਆ ਕਿ ਕਿਵੇਂ ਫਿਲਮ ‘ਤੇਰੇ ਨਾਮ’ ਦੀ ਆਡੀਓ ਲਾਂਚ ਕਰਨ ਮੌਕੇ ਸਟੇਜ ‘ਤੇ ਉਸ ਨੇ ਸਲਮਾਨ ਖ਼ਾਨ ਨੂੰ ‘ਸਲਮਾਨ ਭਾਈ’ ਕਹਿ ਦਿੱਤਾ ਸੀ। ਮੈਨੂੰ ਬਾਅਦ ਵਿੱਚ ਇਹ ਦੱਸਿਆ ਗਿਆ ਕਿ ਉਹ ਸਲਮਾਨ ਨੂੰ ਇਸ ਨਾਂ ਨਾਲ ਨਹੀਂ ਸੱਦ ਸਕਦੀ। ਇਸ ਬਾਰੇ ਭੂਮਿਕਾ ਨੇ ਕਿਹਾ ਕਿ ਸਲਮਾਨ ਖਾਨ ਨੂੰ ਸਾਰੇ ‘ਸਲਮਾਨ ਭਾਈ’ ਕਹਿ ਕੇ ਬੁਲਾਉਂਦੇ ਸਨ, ਇਸ ਲਈ ਮੈਂ ਵੀ ਇਹੀ ਕਹਿ ਦਿਆ ਕਰਦੀ ਸੀ।’ ਫਿਲਮ ‘ਤੇਰੇ ਨਾਮ’ ਦੀ 70 ਫ਼ੀਸਦ ਸ਼ੂਟਿੰਗ ਮੁਕੰਮਲ ਹੋਣ ਤੱਕ ਮੈਂ ਉਨ੍ਹਾਂ ਨੂੰ ਸਲਮਾਨ ਸਰ ਕਿਹਾ ਕਰਦੀ ਸੀ, ਪਰ ਉਹ ਹਮੇਸ਼ਾ ਮੈਨੂੰ ਸਿਰਫ਼ ਸਲਮਾਨ ਕਹਿਣ ਲਈ ਕਹਿੰਦੇ ਸਨ।’ -ਆਈਏਐੱਨਐੱਸ