ਸੁਜ਼ੂ, 15 ਮਈ
ਭਾਰਤ ਅੱਜ ਇਥੇ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਸੀ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਮਲੇਸ਼ੀਆ ਕੋਲੋਂ ਹਾਰ ਕੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ। ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਤੇ ਪੀ.ਵੀ.ਸਿੰਧੂ ਦੀ ਸਟਾਰ ਜੋੜੀ ਆਸ ਤੇ ਆਪਣੀ ਸਮਰੱਥਾ ਮੁਤਾਬਕ ਖੇਡ ਵਿਖਾਉਣ ‘ਚ ਨਾਕਾਮ ਰਹੀ। ਸ੍ਰੀਕਾਂਤ ਜਿੱਥੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ ਵਿੱਚ ਲੋੜੋਂ ਵੱਧ ਅਸਥਿਰ ਨਜ਼ਰ ਆਇਆ, ਉਥੇ ਸਿੰਧੂ ਨੇ ਫੈਸਲਾਕੁਨ ਸੈੱਟ ਵਿੱਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ, ਪਰ ਇਸ ਦੇ ਬਾਵਜੂਦ ਉਹ ਆਲਮੀ ਦਰਜਾਬੰਦੀ ਵਿਚ 30ਵੇਂ ਸਥਾਨ ‘ਤੇ ਕਾਬਜ਼ ਗੋਹ ਜਿਨ ਵੀ ਤੋਂ ਹਾਰ ਗਈ। ਉਧਰ ਧਰੁਵ ਕਪਿਲਾ ਤੇ ਅਸ਼ਵਨੀ ਪੋਨੱਪਾ ਦੀ ਜੋੜੀ ਵਿਸ਼ਵ ਦੀ 8ਵੇਂ ਨੰਬਰ ਦੀ ਜੋੜੀ ਗੋਹ ਸੂਨ ਹੁਆਤ ਤੇ ਲਾਇ ਸ਼ਿਵੋਨ ਜੈਮੀ ਕੋਲੋਂ ਸਿੱਧੇ ਸੈੱਟਾਂ ਵਿੱਚ 16-21, 17-21 ਨਾਲ ਸ਼ਿਕਸਤ ਖਾ ਗਈ। ਸ੍ਰੀਕਾਂਤ ਨੂੰ ਲੀ ਜ਼ੀ ਜੀਆ ਨੇ 16-21, 11-21 ਨਾਲ ਹਰਾਇਆ। ਪਹਿਲੇ ਦੋ ਮੈਚਾਂ ਮਗਰੋਂ ਭਾਰਤੀ ਟੀਮ ਦਾ ਸਕੋਰ 0-2 ਸੀ। ਤੀਜੀ ਗੇਮ ਵਿੱਚ ਸਿੰਧੂ ਮਲੇਸ਼ੀਅਨ ਖਿਡਾਰਨ ਗੋਹ ਕੋਲੋਂ 21-14, 10-21, 20-22 ਨਾਲ ਹਾਰ ਗਈ। ਇਸ ਹਾਰ ਨਾਲ ਭਾਰਤੀ ਬੈਡਮਿੰਟਨ ਟੀਮ ਗਰੁੱਪ ‘ਸੀ’ ਵਿੱਚ ਤੀਜੇ ਸਥਾਨ ‘ਤੇ ਰਹੀ। ਚੀਨੀ ਤਾਇਪੇ ਤੇ ਮਲੇਸ਼ੀਆ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਨਾਲ ਕੁਆਰਟਰ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਏ ਹਨ। -ਪੀਟੀਆਈ