12.4 C
Alba Iulia
Monday, April 29, 2024

‘ਜੋੜੀ’ ਨੇ ਲਾਈਆਂ ਰੌਣਕਾਂ

Must Read


ਅੰਗਰੇਜ ਸਿੰਘ ਵਿਰਦੀ

ਇਸ ‘ਜੋੜੀ’ ਨੇ ਪੰਜਾਬੀ ਸਿਨਮਾ ਵਿੱਚ ਰੌਣਕਾਂ ਲਾ ਦਿੱਤੀਆਂ ਹਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਿਨਮਾ ਘਰਾਂ ਵਿੱਚ ਸਫਲਤਾ ਨਾਲ ਚੱਲ ਰਹੀ ਪੰਜਾਬੀ ਫਿਲਮ ‘ਜੋੜੀ’ ਅੱਸੀ ਦੇ ਦਹਾਕੇ ਦੀ ਪੰਜਾਬੀ ਸੰਗੀਤ ਜਗਤ ਦੀ ਦੁਨੀਆ ਨੂੰ ਫਿਲਮੀ ਪਰਦੇ ‘ਤੇ ਪੇਸ਼ ਕਰਦੀ ਹੈ। ਇਹ ਅਜਿਹੀ ਫਿਲਮ ਹੈ ਜਿਸ ਨੂੰ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਜ਼ਿੰਦਗੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਫਿਲਮ ਦੀ ਕਹਾਣੀ ਫਿਲਮ ਨਿਰਦੇਸ਼ਕ, ਅਦਾਕਾਰ ਅਤੇ ਲੇਖਕ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ। ਅੰਬਰਦੀਪ ਸਿੰਘ ਦੀ ਹੀ ਨਿਰਦੇਸ਼ਨਾ ਵਿੱਚ ਬਣੀ ਇਹ ਫਿਲਮ ਵੀ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਪੰਜਾਬੀਅਤ ਦੀ ਬਾਤ ਪਾਉਂਦੀ ਹੈ। ਇਹ ਫਿਲਮ ਇੱਕ ਗਾਇਕ ਜੋੜੀ ਦੀ ਜੀਵਨੀ ਨਹੀ ਸਗੋਂ ਇਸ ਫਿਲਮ ਵਿੱਚ ਅੰਬਰਦੀਪ ਨੇ ਆਪਣੀ ਲਿਖਣ ਕਲਾ ਨਾਲ ਪੰਜਾਬੀ ਰਹਿਣ ਸਹਿਣ, ਪੰਜਾਬੀ ਸੋਚ, ਪੰਜਾਬੀਆਂ ਦੇ ਹਾਸੇ ਠੱਠੇ, ਪੰਜਾਬੀਆਂ ਦੇ ਦਿਲ ਦੇ ਵਲਵਲੇ ਉਨ੍ਹਾਂ ਦੀ ਮੁਹੱਬਤ, ਕੋਮਲਤਾ, ਈਰਖਾ, ਬਹਾਦਰੀ, ਸਿਰੜ ਅਤੇ ਕਿਰਤ ਦੀ ਬਾਤ ਪਾਈ ਹੈ। ਅੰਬਰਦੀਪ ਨੇ ਅਜਿਹੇ ਦ੍ਰਿਸ਼ ਸਿਰਜੇ ਹਨ ਜੋ ਇੰਝ ਲੱਗਦੇ ਹਨ ਕਿ ਜੋ ਅਸੀਂ ਦੇਖ ਰਹੇ ਹਾਂ ਉਹ ਤਾਂ ਹੈ ਹੀ, ਪਰ ਉਨ੍ਹਾਂ ਦ੍ਰਿਸ਼ਾਂ ਦੇ ਪਿੱਛੇ ਵੀ ਇੱਕ ਸੰਸਾਰ ਖੜ੍ਹਾ ਹੈ ਜੋ ਅਦ੍ਰਿਸ਼ ਹੈ ਜਿਸ ਨੂੰ ਸਮਝਣ ਲਈ ਸੂਖਮਤਾ ਦੀ ਲੋੜ ਹੈ।

ਅੱਸੀ ਦੇ ਦਹਾਕੇ ਦੀ ਅਖਾੜਾ ਗਾਇਕੀ ਨੂੰ ਪੇਸ਼ ਕਰਦੀ ਉਸ ਜ਼ਮਾਨੇ ਦੀ ਗਾਇਕੀ, ਉਨ੍ਹਾਂ ਦੀ ਮਿਹਨਤ, ਅਖਾੜਾ ਗਾਇਕੀ ਦੇ ਪਿੜ ਵਿੱਚ ਖ਼ੁਦ ਨੂੰ ਸਥਾਪਿਤ ਕਰਨ ਦੀ ਜੱਦੋ ਜਹਿਦ, ਅਖਾੜਿਆਂ ਲਈ ਉਨ੍ਹਾਂ ਦੀ ਇੱਕ ਦੂਜੇ ਨਾਲ ਮੁਕਾਬਲੇ ਦੀ ਭਾਵਨਾ ਅਤੇ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਨੂੰ ਬਿਹਤਰੀਨ ਢੰਗ ਨਾਲ ਵਿਖਾਉਂਦੀ ਇਹ ਇੱਕ ਉੱਤਮ ਫਿਲਮ ਹੈ। ਥਿੰਦ ਮੋਸ਼ਨ ਪਿਕਚਰਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਦੀ ਇਸ ਫਿਲਮ ਦੇ ਨਿਰਮਾਤਾ ਹਨ ਕਾਰਜ ਗਿੱਲ ਅਤੇ ਦਲਜੀਤ ਥਿੰਦ। ਕਹਾਣੀ ਅਤੇ ਪਟਕਥਾ ਅੰਬਰਦੀਪ ਸਿੰਘ ਨੇ ਲਿਖੀ ਹੈ। ਇਸ ਦੇ ਮੁੱਖ ਕਿਰਦਾਰਾਂ ਵਿੱਚ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਹਨ। ਫਿਲਮ ਦੇ ਗੀਤ ਰਾਜ ਰਣਜੋਧ, ਹੈਪੀ ਰਾਏਕੋਟੀ, ਵੀਤ ਬਲਜੀਤ, ਹਰਸਿਮਰਜੀਤ ਸਿੰਘ ਅਤੇ ਬਾਬੂ ਸਿੰਘ ਮਾਨ ਨੇ ਲਿਖੇ ਹਨ ਜਿਨ੍ਹਾਂ ਨੂੰ ਆਵਾਜ਼ਾਂ ਦਿੱਤੀਆਂ ਹਨ ਦਿਲਜੀਤ ਦੁਸਾਂਝ, ਨਿਮਰਤ ਖਹਿਰਾ, ਰਾਜ ਰਣਜੋਧ ਅਤੇ ਸਿਮਰਨ ਕੌਰ ਧਾਂਡਲੀ ਨੇ।

ਫਿਲਮ ਦੀ ਕਹਾਣੀ ਇੱਕ ਅਜਿਹੇ ਗਾਇਕ ਅਮਰ ਸਿਤਾਰਾ (ਅਦਾਕਾਰ ਦਿਲਜੀਤ ਦੁਸਾਂਝ) ਦੇ ਦੁਆਲੇ ਘੁੰਮਦੀ ਦਿਖਾਈ ਗਈ ਹੈ ਜੋ ਗ਼ਰੀਬ ਘਰ ਤੋਂ ਉੱਠ ਕੇ ਆਪਣੀ ਗੀਤਕਾਰੀ ਅਤੇ ਗਾਇਕੀ ਦੇ ਦਮ ‘ਤੇ ਸਫਲਤਾ ਦੇ ਅੰਬਰੀ ਉਡਾਰੀਆਂ ਮਾਰਦਾ ਹੈ। ਉਹ ਪੰਜਾਬ ਵਿੱਚ ਪ੍ਰਚੱਲਿਤ ਅਖਾੜਾ ਗਾਇਕੀ ਦਾ ਚੋਟੀ ਦਾ ਕਲਾਕਾਰ ਬਣਦਾ ਹੈ। ਇਸ ਵਿੱਚ ਉਸ ਦਾ ਸਾਥ ਦਿੰਦੀ ਹੈ ਗਾਇਕਾ ਕਮਲਜੋਤ (ਅਦਾਕਾਰਾ ਨਿਮਰਤ ਖਹਿਰਾ) ਜਿਸ ਨਾਲ ਮਿਲ ਕੇ ਅਮਰ ਸਿਤਾਰਾ ਸਫਲ ਦੋਗਾਣਾ ਜੋੜੀ ਬਣਾਉਂਦਾ ਹੈ, ਪਰ ਉਸ ਦੀ ਇਹ ਸਫਲਤਾ ਉਸ ਦੇ ਸਮਕਾਲੀ ਕਲਾਕਾਰਾਂ ਨੂੰ ਰਾਸ ਨਹੀਂ ਆਉਂਦੀ। ਉਹ ਵਿਹਲੇ ਬੈਠਣ ਲਈ ਮਜਬੂਰ ਹੋ ਜਾਂਦੇ ਹਨ ਕਿਉਂਕਿ ਹਰ ਵਿਆਹ ਸ਼ਾਦੀ ‘ਤੇ ਸਭ ਲੋਕਾਂ ਦੀ ਇਹੋ ਖਾਹਿਸ਼ ਹੈ ਕਿ ਉਹ ਸਿਤਾਰਾ-ਕਮਲਜੋਤ ਦਾ ਹੀ ਅਖਾੜਾ ਲਗਵਾਉਣ। ਫਿਰ ਸਿਤਾਰੇ ਦੇ ਵਿਰੋਧੀ ਕਲਾਕਾਰ ਉਸ ਨੂੰ ਹੇਠਾਂ ਸੁੱਟਣ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ। ਇਸ ਦੇ ਬਾਵਜੂਦ ਸਿਤਾਰਾ ਤੇ ਕਮਲਜੋਤ ਦੀ ਲੋਕਪ੍ਰਿਅਤਾ ਵਿੱਚ ਕੋਈ ਕਮੀ ਨਹੀਂ ਆਉਂਦੀ।

ਫਿਲਮ ਵਿੱਚ ਜੇਕਰ ਅਦਾਕਾਰੀ ਦੀ ਗੱਲ ਕਰੀਏ ਤਾਂ ਮੁੱਖ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਕਿਰਦਾਰ ਅਮਰ ਸਿਤਾਰਾ ਨੂੰ ਜੀਵਿਆ ਹੈ। ਉਸ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਆਪਣੇ ਕਿਰਦਾਰ ਵਿੱਚ ਜਾਨ ਪਾਈ ਹੈ। ਅਦਾਕਾਰਾ ਨਿਮਰਤ ਖਹਿਰਾ ਨੇ ਆਪਣੀ ਮਾਸੂਮ ਦਿਖ, ਬੋਲਦੀਆਂ ਅੱਖਾਂ ਅਤੇ ਚਿਹਰੇ ਦੇ ਹਾਵਭਾਵ ਨਾਲ ਜਿਸ ਤਰ੍ਹਾਂ ਆਪਣੇ ਕਿਰਦਾਰ ਨੂੰ ਨਿਭਾਇਆ ਹੈ ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਘੱਟ ਹੈ। ਨਿਮਰਤ ਖਹਿਰਾ ਦੇ ਫਿਲਮੀ ਕਰੀਅਰ ਦੀ ਇਹ ਬਿਹਤਰੀਨ ਫਿਲਮ ਹੈ। ਫਿਲਮ ਵਿੱਚ ਤੀਸਰਾ ਕਿਰਦਾਰ ਹੈ ਭੋਲਾ (ਅਦਾਕਾਰ ਰਵਿੰਦਰ ਮੰਡ) ਜੋ ਬਹੁਤ ਹੀ ਸੁਲਝਿਆ ਹੋਇਆ ਅਦਾਕਾਰ ਹੈ। ਫਿਲਮ ਵਿੱਚ ਉਸ ਦਾ ਕਿਰਦਾਰ ਅਮਰ ਸਿਤਾਰਾ ਦੇ ਦੋਸਤ ਅਤੇ ਮਗਰੋਂ ਸੈਕਟਰੀ ਦਾ ਹੈ ਜੋ ਅਮਰ ਸਿਤਾਰੇ ਦੇ ਗਾਇਕੀ ਕਰੀਅਰ ਨੂੰ ਉੱਚੇ ਮਕਾਮ ‘ਤੇ ਲੈ ਕੇ ਜਾਣ ਵਿੱਚ ਉਸ ਦੀ ਮਦਦ ਕਰਦਾ ਹੈ। ਮੰਝੇ ਹੋਏ ਅਦਾਕਾਰ ਹਰਦੀਪ ਗਿੱਲ ਨੇ ਫਿਲਮ ਵਿੱਚ ਆਪਣੀ ਸਜੀਵ ਅਦਾਕਾਰੀ ਨਾਲ ਅੱਸੀਵਿਆਂ ਦੇ ਦੌਰ ਦੇ ਸੰਗੀਤ ਉਸਤਾਦਾਂ ਦੇ ਆਪਣੇ ਸ਼ਾਗਿਰਦਾਂ ਨੂੰ ਸੰਗੀਤ ਸਿਖਾਉਣ ਦੇ ਤਰੀਕਿਆਂ ਨੂੰ ਹੂਬਹੂ ਪੇਸ਼ ਕੀਤਾ ਹੈ। ਉਸ ਦੇ ਸ਼ਾਗਿਰਦ ਦਾ ਉਸ ਨਾਲੋਂ ਵੱਧ ਮਸ਼ਹੂਰ ਹੋਣ ਕਰਕੇ ਜੋ ਉਸ ਦੇ ਅੰਦਰ ਈਰਖਾ ਦਾ ਇੱਕ ਦਵੰਦ ਚੱਲਦਾ ਹੈ ਉਸ ਨੂੰ ਹਰਦੀਪ ਗਿੱਲ ਨੇ ਪਰਦੇ ‘ਤੇ ਬਾਖੂਬੀ ਪੇਸ਼ ਕੀਤਾ ਹੈ। ਫਿਲਮ ਵਿੱਚ ਬਹੁਤ ਸਾਰੇ ਅਜਿਹੇ ਦ੍ਰਿਸ਼ ਹਨ ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਰੂਹ ਝੰਜੋੜੀ ਜਾਂਦੀ ਹੈ। ਫਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਹੈ ਜੋ ਅੱਸੀ ਦੇ ਦਹਾਕੇ ਦੀ ਯਾਦ ਦਿਵਾਉਂਦਾ ਹੈ। ਤੂੰਬੀ, ਢੋਲਕੀ, ਹਾਰਮੋਨੀਅਮ ਅਤੇ ਹੋਰ ਦੇਸੀ ਸਾਜ਼ਾਂ ਨਾਲ ਗਾਏ ਇਸ ਦੇ ਸਾਰੇ ਗੀਤ ਹੀ ਸੰਗੀਤ ਪ੍ਰੇਮੀਆਂ ਵੱਲੋਂ ਬੇਹੱਦ ਪਸੰਦ ਕੀਤੇ ਜਾ ਰਹੇ ਹਨ।
ਸੰਪਰਕ: 94646-28857



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -