ਗੁਰਮੀਤ ਸਿੰਘ*
ਗਵੱਈਆ ਚੰਡੋਲ ਪੰਛੀ ਭਾਰਤ ਵਿੱਚ ਮੈਦਾਨੀ ਅਤੇ ਤਲਹਟੀ ਇਲਾਕਿਆਂ ਵਿੱਚ ਰਹਿੰਦਾ ਹੈ। ਗਵੱਈਆ ਚੰਡੋਲ ਨੂੰ ਅੰਗਰੇਜ਼ੀ ਵਿੱਚ ਸਿੰਗਿੰਗ ਬੁਸ਼ ਲਾਰਕ (Singing Bush lark) ਅਤੇ ਹਿੰਦੀ ਵਿੱਚ ਗਾਇਕ ਅੰਗਿਨ ਕਹਿੰਦੇ ਹਨ। ਝਾੜੀਆਂ ਅਤੇ ਕਾਸ਼ਤ ਕੀਤੇ ਖੇਤ ਅਤੇ ਛੋਟੇ ਘਾਹ ਦੇ ਮੈਦਾਨ ਇਨ੍ਹਾਂ ਦੀ ਮਨਭਾਉਂਦੀ ਥਾਂ ਹੁੰਦੀ ਹੈ। ਇਸ ਪੰਛੀ ਦਾ ਆਕਾਰ 12 ਤੋਂ 14 ਸੈਂਟੀਮੀਟਰ ਅਤੇ ਭਾਰ 18.7 ਗ੍ਰਾਮ ਹੁੰਦਾ ਹੈ। ਇਹ ਇੱਕ ਛੋਟਾ ਚੁਸਤ ਪੰਛੀ ਹੈ ਜੋ ਉੱਪਰੋਂ ਮਿੱਟੀ ਰੰਗਾ ਹੁੰਦਾ ਹੈ। ਇਸ ਦੀ ਛੋਟੀ ਤੇ ਮੋਟੀ ਚੂੰਜ ਸੁਰਮਈ ਰੰਗ ਦੀ ਹੁੰਦੀ ਹੈ। ਇਸ ਦੇ ਸਿਰ ਅਤੇ ਉੱਪਰਲੇ ਹਿੱਸੇ ਸਲੇਟੀ-ਭੂਰੇ ਅਤੇ ਧਾਰੀਆਂ ਵਾਲੇ, ਚੌੜੇ ਫਿੱਕੇ ਖੰਭਾਂ ਵਾਲੇ ਹੁੰਦੇ ਹਨ। ਇਸ ਦੀਆਂ ਅੱਖਾਂ ਗੂੜ੍ਹੀਆਂ ਭੂਰੀਆਂ ਹੁੰਦੀਆਂ ਹਨ। ਇਸ ਦਾ ਪੂੰਝਾ ਭੂਰਾ ਤੇ ਪਾਸਿਆਂ ਦੇ ਖੰਭ ਚਿੱਟੇ ਹੁੰਦੇ ਹਨ। ਇਹ ਛੋਟੇ ਘਾਹ ਦੇ ਮੈਦਾਨਾਂ ਅਤੇ ਕਾਸ਼ਤ ਵਾਲੀ ਜ਼ਮੀਨ ਵਿੱਚ ਪਾਇਆ ਜਾਂਦਾ ਹੈ।
ਇਹ ਪੰਛੀ ਕੀੜਿਆਂ ਅਤੇ ਬੀਜਾਂ ਦਾ ਮਿਸ਼ਰਣ ਖਾਂਦਾ ਹੈ। ਇਹ ਜ਼ਮੀਨ ‘ਤੇ ਜਦੋਂ ਖਾਣ ਲਈ ਕੁਝ ਲੱਭਦਾ ਹੈ ਤਾਂ ਕਦੇ-ਕਦਾਈਂ ਇਸ ਨੂੰ ਚੂੰਜ ਨਾਲ ਖੁਦਾਈ ਵੀ ਕਰਨੀ ਪੈ ਜਾਂਦੀ ਹੈ। ਇਹ ਅਸਮਾਨ ਵਿੱਚ ਚਾਲੀ ਫੁੱਟ ਉਚਾਈ ਤੱਕ ਘੁੰਮਦੇ ਹਨ। ਇਸ ਦੀ ਆਵਾਜ਼ ਸੁਰੀਲੀ ਹੁੰਦੀ ਹੈ। ਜਦੋਂ ਨਰ ਚੰਡੋਲ ਆਪਣੀ ਸੁਰੀਲੀ ਆਵਾਜ਼ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਮਾਦਾ ਚੰਡੋਲ ਨੇੜੇ ਦੀ ਜ਼ਮੀਨ ‘ਤੇ ਚੰਗੀ ਤਰ੍ਹਾਂ ਲੁਕ ਕੇ ਇਸ ਨੂੰ ਧਿਆਨ ਨਾਲ ਸੁਣਦੀ ਹੈ। ਇਨ੍ਹਾਂ ਦੇ ਮਿੱਟੀ ਰੰਗੇ ਖੰਭ ਇਨ੍ਹਾਂ ਨੂੰ ਮਿੱਟੀ ਅਤੇ ਸੁੱਕੇ ਘਾਹ ਨਾਲ ਬਹੁਤ ਚੰਗੀ ਤਰ੍ਹਾਂ ਮਿਲਦੇ ਹੋਣ ਕਾਰਨ ਇਸ ਨੂੰ ਲੁਕਾਉਣ ਵਿੱਚ ਮਦਦ ਕਰਦੇ ਹਨ ਅਤੇ ਕਈ ਵਾਰ ਇਸ ਨੂੰ ਪਛਾਣਨਾ ਔਖਾ ਹੋ ਜਾਂਦਾ ਹੈ।
ਇਹ ਭਾਰਤੀ ਉਪ ਮਹਾਂਦੀਪ ਵਿੱਚ ਅਗਸਤ-ਸਤੰਬਰ ਵਿੱਚ ਪ੍ਰਜਣਨ ਕਰਦੇ ਹਨ। ਇਹ ਪੰਛੀ ਇੱਕ ਪਤਨੀਕ ਹੁੰਦੇ ਹਨ। ਨਰ, ਮਾਦਾ ਨੂੰ ਲੁਭਾਉਣ ਲਈ ਘੁੰਮ ਕੇ ਆਪਣਾ ਖੇਤਰ ਦਰਸਾਉਂਦਾ ਹੈ। ਇਨ੍ਹਾਂ ਦਾ ਆਲ੍ਹਣਾ ਘਾਹ ਦਾ ਬਣਿਆ ਹੋਇਆ ਖੋਖਲਾ ਜਿਹਾ ਪਿਆਲਾ ਹੁੰਦਾ ਹੈ ਜੋ ਜ਼ਮੀਨ ‘ਤੇ ਬਾਰੀਕ ਗੁੱਛੇਦਾਰ ਘਾਹ ਨਾਲ ਕਤਾਰਬੱਧ ਹੁੰਦਾ ਹੈ। ਇਹ ਅੰਸ਼ਕ ਜਾਂ ਪੂਰਾ ਗੁੰਬਦ ਹੁੰਦਾ ਹੈ। ਇਸ ਵਿੱਚ ਮਾਦਾ 2 ਤੋਂ 4 ਆਂਡੇ ਦਿੰਦੀ ਹੈ। ਗਵੱਈਏ ਚੰਡੋਲ ਵਰਗੇ ਪੰਛੀ ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ। ਇਹ ਖੁਸ਼ਹਾਲਤਾਂ ਨੂੰ ਦਰਸਾਉਂਦਾ ਹੈ ਅਤੇ ਸਾਨੂੰ ਆਪਣੇ ਜੀਵਨ ਵਿੱਚ ਖੁਸ਼ੀ ਲੱਭਣ ਦੀ ਯਾਦ ਦਿਵਾਉਂਦਾ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਸ ਪੰਛੀ ਨੂੰ ਸਭ ਤੋਂ ਘੱਟ ਚਿੰਤਾ ਵਜੋਂ ਸੂਚੀਬੱਧ ਕੀਤਾ ਹੈ। ਭਾਰਤ ਸਰਕਾਰ ਨੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਵਿੱਚ ਸੁਰੱਖਿਆ ਦਿੱਤੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910