ਲਖਨਊ: ਭਾਰਤ ਦੇ ਐੱਚਐੱਸ ਪ੍ਰਣਯ ਨੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਅੱਜ ਇੱਥੇ ਯੂਕਰੇਨ ਦੇ ਡੈਨਿਲੋ ਬੋਸਨਿਯੁਕ ‘ਨੂੰ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਇਸ ਪੰਜਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਬੋਸਨਿਯੁਕ ਨੂੰ 36 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-14, 21-18 ਨਾਲ ਹਰਾਇਆ। ਪ੍ਰਣਯ ਪਿਛਲੇ ਹਫ਼ਤੇ ਇੰਡੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਲਕਸ਼ੈ ਸੇਨ ਤੋਂ ਹਾਰ ਗਿਆ ਸੀ। ਦੂਜੇ ਗੇੜ ਵਿੱਚ ਉਸ ਦੀ ਟੱਕਰ ਹਮਵਤਨ ਪ੍ਰਿਯਾਂਸ਼ੂ ਰਾਜਾਵਤ ਨਾਲ ਹੋਵੇਗੀ। ਰਾਜਾਵਤ ਨੂੰ ਪਹਿਲੇ ਗੇੜ ਵਿੱਚ ਵਾਕਓਵਰ ਮਿਲਿਆ ਹੈ। ਚੌਥਾ ਦਰਜਾ ਪ੍ਰਾਪਤ ਸਮੀਰ ਵਰਮਾ ਨੂੰ ਆਇਰਲੈਂਡ ਦੇ ਨ੍ਹਾਟ ਨਿਊਗੇਨ ਖ਼ਿਲਾਫ਼ ਮੈਚ ਵਿਚਕਾਰ ਹੀ ਛੱਡਣਾ ਪਿਆ। ਇਸ ਤਰ੍ਹਾਂ ਉਹ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ। ਸਮੀਰ ਨੇ ਪਹਿਲੀ ਗੇਮ ਵਿੱਚ ਦਰਦ ਕਾਰਨ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ਉਹ 2-7 ਨਾਲ ਪੱਛੜ ਰਿਹਾ ਸੀ। ਉਸ ਨੂੰ ਇਹ ਸੱਟ ਪਿਛਲੇ ਸਾਲ ਅਕਤੂਬਰ ਵਿੱਚ ਲੱਗੀ ਸੀ। -ਪੀਟੀਆਈ