ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਪ੍ਰਸਿੱਧੀ ਨੁਕਸਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਵੈੱਬ ਸੀਰੀਜ਼ ‘ਦਿ ਫੇਮ ਗੇਮ’ ਦਾ ਪ੍ਰਚਾਰ ਕਰਨ ਲਈ ਆਪਣੇ ਸਾਥੀ ਕਾਲਾਕਾਰਾਂ ਮਾਨਵ ਕੌਲ, ਸੰਜੈ ਕਪੂਰ, ਲਕਸ਼ਵੀਰ ਸਰਾ ਅਤੇ ਮੁਸਕਾਨ ਜਾਫਰੀ ਨਾਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋ ਰਹੀ ਹੈ।
ਮੇਜ਼ਬਾਨ ਕਪਿਲ ਸ਼ਰਮਾ ਨੇ ਦੱਸਿਆ ਕਿ ਕਿਵੇਂ ਪ੍ਰਸਿੱਧੀ ਬਹੁਤ ਸਾਰੀਆਂ ਖੁਸ਼ੀਆਂ ਲਿਆਉਣ ਦੇ ਨਾਲ ਕਈ ਤਰ੍ਹਾਂ ਦਾ ਨੁਕਸਾਨ ਵੀ ਕਰਦੀ ਹੈ। ਮਾਧੁਰੀ ਨੇ ਇਸ ਨਾਲ ਸਹਿਮਤੀ ਪ੍ਰਗਟਾਈ ਅਤੇ ਆਪਣੇ ਨਾਲ ਵਾਪਰੀ ਇੱਕ ਘਟਨਾ ਸਾਂਝੀ ਕਰਦਿਆਂ ਦੱਸਿਆ, ”ਮੇਰੇ ਘਰ ਇੱਕ ਸਵਿੱਚਬੋਰਡ ਖ਼ਰਾਬ ਸੀ ਅਤੇ ਉਸ ਨੂੰ ਠੀਕ ਕਰਨ ਵਾਲੇ ਨੂੰ ਘਰ ਬੁਲਾਇਆ ਗਿਆ। ਬਦਕਿਸਮਤੀ ਨਾਲ ਉਸ ਦਿਨ ਮੈਂ ਘਰ ਸੀ। ਇੱਕ ਨਿੱਕੇ ਜਿਹੇ ਸਵਿੱਚਬੋਰਡ ਨੂੰ ਠੀਕ ਕਰਨ ਲਈ ਚਾਰ ਲੜਕੇ ਆਏ। ਹੋਰ ਤਾਂ ਹੋਰ ਇਨ੍ਹਾਂ ਚਾਰਾਂ ਤੋਂ ਬਾਅਦ ਪੰਜਵਾਂ ਲੜਕਾ ਵੀ ਆ ਗਿਆ। ਉਹ ਆਏ ਅਤੇ ਪੁੱਛਿਆ ਕਿ ਕਿਹੜਾ ਸਵਿੱਚਬੋਰਡ ਠੀਕ ਕਰਨਾ ਹੈ? ਮੈਂ ਖਰਾਬ ਹੋਏ ਸਵਿਚਬੋਰਡ ਵੱਲ ਇਸ਼ਾਰਾ ਕੀਤਾ। ਉਹ ਪਹਿਲਾਂ ਮੇਰੇ ਵੱਲ ਦੇਖ ਕੇ ਮੁਸਕਰਾਏ ਅਤੇ ਮਗਰੋਂ ਇੱਕ ਨੇ ਦੂਜੇ ਲੜਕੇ ਨੂੰ ਬੋਰਡ ਖੋਲ੍ਹਣ ਲਈ ਕਿਹਾ। ਉਸ ਨੇ ਆ ਕੇ ਬੋਰਡ ਖੋਲ੍ਹ ਦਿੱਤਾ। ਮਗਰੋਂ ਜਦੋਂ ਉਸ ਨੇ ਕਿਹਾ, ‘ਦੇਖੋ’ ਤਾਂ ਤੀਜਾ ਲੜਕਾ ਅੰਦਰ ਵੇਖਣ ਲੱਗਾ। ਫਿਰ ਉਸ ਨੇ ਇਕ ਹੋਰ ਲੜਕੇ ਨੂੰ ਬੁਲਾ ਕੇ ਕਿਹਾ, ‘ਠੀਕ ਕਰੋ।’ ਜਦੋਂ ਉਨ੍ਹਾਂ ਨੇ ਸਵਿਚਬੋਰਡ ਠੀਕ ਕਰ ਦਿੱਤਾ ਤਾਂ ਮੈਂ ਉਨ੍ਹਾਂ ਨੂੰ ਕਿਹਾ, ‘ਠੀਕ ਹੈ, ਹੁਣ ਤੁਸੀਂ ਜਾ ਸਕਦੇ ਹੋ।’ ਉਹ ਫਿਰ ਮੁਸਕਰਾਏ ਅਤੇ ਚਲੇ ਗਏ ਪਰ ਇੱਕ ਲੜਕਾ ਪਿੱਛੇ ਰਹਿ ਗਿਆ। ਮੈਂ ਉਸ ਨੂੰ ਪੁੱਛਿਆ, ‘ਕੀ ਹੋਇਆ? ਤੁਸੀਂ ਉਨ੍ਹਾਂ ਨਾਲ ਨਹੀਂ ਜਾ ਰਹੇ?’ ਉਸ ਨੇ ਕਿਹਾ, ‘ਕਿੱਥੇ? ਮੈਂ ਉਨ੍ਹਾਂ ਨਾਲ ਨਹੀਂ, ਬਸ ਤੁਹਾਨੂੰ ਦੇਖਣ ਆਇਆ ਸੀ।” ਇਸ ਮਗਰੋਂ ਮਾਨਵ ਕੌਲ ਨੇ ਵੀ ਆਪਣਾ ਅਜਿਹਾ ਤਜਰਬਾ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ‘ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ