ਮੁੰਬਈ: ਕੋਰੀਓਗਰਾਫਰ ਬੌਸਕੋ ਲੈਜ਼ਲੀ ਮਾਰਟਿਸ ਦੇ ਨਿਰਦੇਸ਼ਨ ਹੇਠਲੀ ਪਹਿਲੀ ਫਿਲਮ ‘ਰਾਕੇਟ ਗੈਂਗ’ 11 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਸਾਂਝੀ ਕੀਤੀ। ਇਹ ਫਿਲਮ ਜ਼ੀ ਸਟੂਡੀਓਜ਼ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਵਿਚ ‘ਸਟੂਡੈਂਟ ਆਫ ਦਿ ਯੀਅਰ 2’ ਦਾ ਕਾਮੇਡੀ ਅਦਾਕਾਰ ਆਦਿੱਤਿਆ ਸੀਲ ਅਤੇ ਫਿਲਮ ‘ਮਸਕਾ’ ਦੀ ਕਲਾਕਾਰ ਨਿਕਿਤਾ ਦੱਤਾ ਹਨ। ਮਾਰਟਿਸ ਨੇ ਦੋ ਸੌ ਤੋਂ ਵੱਧ ਗੀਤਾਂ ਦੀ ਕੋਰੀਓਗ੍ਰਾਫੀ ਕੀਤੀ ਹੈ ਜਿਨ੍ਹਾਂ ਵਿੱਚ ਕੌਮੀ ਐਵਾਰਡ ਜੇਤੂ ਗੀਤ ਸੈਨੋਰੀਟਾ (ਜ਼ਿੰਦਗੀ ਨਾ ਮਿਲੇਗੀ ਦੋਬਾਰਾ) ਤੇ ਚੋਰ ਬਾਜ਼ਾਰੀ (ਲਵ ਆਜ ਕੱਲ) ਵੀ ਸ਼ਾਮਲ ਹਨ ਜੋ ਉਸ ਨੇ ਆਪਣੀ ਸਾਥੀ ਸੀਜ਼ਰ ਗੋਜ਼ਾਂਲਵੇਸ ਨਾਲ ਮਿਲ ਕੇ ਗਾਏ ਸੀ। ਮਾਰਟਿਸ ਨੇ ਦੱਸਿਆ ਕਿ ਇਹ ਉਸ ਲਈ ਇੱਕ ਵਿਸ਼ੇਸ਼ ਫਿਲਮ ਹੈ। ਇਹ ਫਿਲਮ ਡਾਂਸ, ਸੰਗੀਤ ਅਤੇ ਮਸਤੀ ਨਾਲ ਭਰਪੂਰ ਹੈ ਜਿਸ ਲਈ ਫਿਲਮ ਦੇ ਅਦਾਕਾਰਾਂ ਤੋਂ ਲੈ ਕੇ ਟੀਮ ਮੈਂਬਰਾਂ ਨੇ ਸਖਤ ਮਿਹਨਤ ਕੀਤੀ ਹੈ। ਇਹ ਪਰਿਵਾਰਕ ਫਿਲਮ ਹੈ ਜੋ ਬਾਲ ਦਿਵਸ ਨੇੜੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਮੋਕਸ਼ਦਾ, ਸਹਿਜ ਸਿੰਘ ਚਾਹਲ, ਜੈਸਨ ਥਾਮ ਅਤੇ ਪੰਜ ਛੋਟੇ ਬੱਚੇ ਦੀਪਾਲੀ ਬੋਰਕਰ, ਤੇਜਸ ਵਰਮਾ, ਜੈਸ੍ਰੀ ਗੋਗੋਈ, ਆਦਵਿਕ ਮੌਂਗੀਆ ਅਤੇ ਸਿਧਾਂਤ ਸ਼ਰਮਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। -ਪੀਟੀਆਈ