ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਦਾ ਕਹਿਣਾ ਹੈ ਕਿ ਫਿਲਮ ਸਨਅਤ ਵਿੱਚ ਸਦਾ ਤੋੋਂ ਹੀ ਵਧਦੀ ਉਮਰ ਨਾਲ ਮਹਿਲਾ ਕਲਾਕਾਰਾਂ ਦਾ ਕੰਮ ਸੀਮਤ ਹੁੰਦਾ ਰਿਹਾ ਹੈ, ਪਰ ਹੁਣ ਇਹ ਚੰਗੀ ਗੱਲ ਹੈ ਕਿ ਵੱਡੀ ਉਮਰ ਦੀਆਂ ਮਹਿਲਾਵਾਂ ਲਈ ਵੀ ਕਿਰਦਾਰ ਸਿਰਜੇ ਜਾਣ ਲੱਗੇ ਹਨ। ਦੀਆ ਮਿਰਜ਼ਾ ਆਖਰੀ ਵਾਰ 2020 ਵਿੱਚ ਆਈ ਫਿਲਮ ‘ਥੱਪੜ’ ਵਿੱਚ ਦਿਖਾਈ ਦਿੱਤੀ ਸੀ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਵੱਡੀ ਉਮਰ ਦੀਆਂ ਮਹਿਲਾਵਾਂ ਬਾਰੇ ਬਣੀਆਂ ਧਾਰਨਾਵਾਂ ਨੂੰ ਤੋੜ ਕੇ ਖੁਸ਼ੀ ਮਿਲਦੀ ਹੈ। ਅਦਾਕਾਰਾ ਨੇ ਕਿਹਾ, ‘ਉਮਰ ਇੱਕ ਐਸਾ ਪੱਖ ਹੈ, ਜਿਸ ਨਾਲ ਸਾਨੂੰ ਹਰ ਹਾਲ ਸਿੱਝਣਾ ਪੈਣਾ ਹੈ, ਪਰ ਜਿਸ ਕਿਸਮ ਦੇ ਕਿਰਦਾਰ ਨਿਭਾਉਣ ਦਾ ਮੌਕਾ ਮੈਨੂੰ ਮਿਲ ਰਿਹਾ ਹੈ, ਉਸ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਗਈ ਹੈ।’ ਦੀਆ ਨੇ ਕਿਹਾ, ‘ਜਦੋਂ ਵੀ ਮੈਨੂੰ ਕਿਸੇ ਫਿਲਮ ਵਿੱਚ ਕੋਈ ਚੁਣੌਤੀਪੂਰਨ ਕਿਰਦਾਰ ਨਿਭਾਉਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਉਸ ਚੁਣੌਤੀ ਨੂੰ ਸਵੀਕਾਰਦੀ ਹਾਂ ਤੇ ਫਿਲਮ ਸਨਅਤ ਵਿੱਚ 35 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਖ਼ਾਸ ਕਿਸਮ ਦੇ ਕਿਰਦਾਰਾਂ ਨੂੰ ਸੀਮਤ ਕਰ ਦੇਣ ਦੀ ਖੜ੍ਹੋਤ ਤੋੜਨ ਦਾ ਯਤਨ ਕਰਦੀ ਹਾਂ।’ ਜ਼ਿਕਰਯੋਗ ਹੈ ਕਿ ਅਦਾਕਾਰ ਆਉਣ ਵਾਲੇ ਸਮੇਂ ਵਿੱਚ ਫਿਲਮ ‘ਥੱਪੜ’ ਦੇ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ ‘ਭੀੜ’ ਵਿੱਚ ਦਿਖਾਈ ਦੇਵੇਗੀ। ਇਹ ਇੱਕ ਸਮਾਜਿਕ-ਸਿਆਸੀ ਡਰਾਮਾ ਹੈ। ਇਸ ਦੇ ਨਾਲ ਹੀ ਉਹ ਤਾਪਸੀ ਪੰਨੂ ਦੀ ਫਿਲਮ ‘ਧਕ ਧਕ’ ਵਿੱਚ ਵੀ ਦਿਖਾਈ ਦੇਵੇਗੀ। ਇਹ ਇੱਕ ਰੋਡ ਟਰਿੱਪ ਫਿਲਮ ਹੈ, ਜਿਸ ਵਿੱਚ ਰਤਨਾ ਪਾਠਕ ਸ਼ਾਹ, ਫਾਤਿਮਾ ਸਨਾ ਸ਼ੇਖ ਤੇ ਸੰਜਨਾ ਸਾਂਘੀ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ। -ਪੀਟੀਆਈ