ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਨੇ ਸਿਨੇਮਾ ਵਿੱਚ ਕੰਮ ਕਰਦਿਆਂ 30 ਵਰ੍ਹੇ ਮੁਕੰਮਲ ਕਰ ਲਏ ਹਨ। ਇਸ ਮੌਕੇ ਨੂੰ ਵੱਖਰੇ ਅੰਦਾਜ਼ ਨਾਲ ਮਨਾਉਂਦਿਆਂ ਸ਼ਾਹਰੁਖ ਨੇ ਆਪਣੀ ਨਵੀਂ ਫਿਲਮ ‘ਪਠਾਨ’ ਵਿਚਲੀ ਦਿੱਖ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ 56 ਸਾਲਾ ਅਦਾਕਾਰ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਉਹ ਲੰਮੇ ਵਾਲਾਂ ਤੇ ਦਾੜ੍ਹੀ ਨਾਲ ਦਿਖਾਈ ਦੇ ਰਿਹਾ ਹੈ। ਆਪਣੇ ਟਵਿੱਟਰ ਅਕਾਊਂਟ ‘ਤੇ ਅਦਾਕਾਰ ਨੇ ਲਿਖਿਆ, ਇਥੇ ਪਠਾਨ ਨਾਲ ਸਫਰ ਜਾਰੀ ਰੱਖਦਿਆਂ, 30 ਵੇਂ ਵਰ੍ਹੇ ‘ਤੇ ਹੁਣ ਮੈਂ ਗਿਣਤੀ ਨਹੀਂ ਕਰ ਰਿਹਾ ਕਿਉਂਕਿ ਤੁਹਾਡਾ ਪਿਆਰ ਤੇ ਖੁਸ਼ੀ ਅਨੰਤ ਤੱਕ ਮੇਰੇ ਨਾਲ ਹਨ। ਫਿਲਮ ਪਠਾਨ 25 ਜਨਵਰੀ 2023 ਨੂੰ ਹਿੰਦੀ, ਤਮਿਲ ਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋ ਰਹੀ ਹੈ।’ ਜ਼ਿਕਰਯੋਗ ਹੈ ਕਿ ਇਹ ਫਿਲਮ ਇੱਕ ਜਾਸੂਸੀ ਥ੍ਰਿਲਰ ਹੈ, ਜਿਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ, ਜਿਸ ਨੇ ਇਸ ਤੋਂ ਪਹਿਲਾਂ ‘ਵਾਰ’ ਅਤੇ ‘ਬੈਂਗ ਬੈਂਗ’ ਫਿਲਮਾਂ ਦਿੱਤੀਆਂ ਹਨ। ਫਿਲਮ ਵਿੱਚ ਜੌਹਨ ਅਬਰਾਹਮ ਤੇ ਦੀਪਿਕਾ ਪਾਦੂਕੋਨ ਮੁੱਖ ਭੂਮਿਕਾ ਵਿੱਚ ਹਨ। ਅਦਾਕਾਰ ਜੌਹਨ ਨੇ ਵੀ ਸ਼ਾਹਰੁਖ ਦੀ ਇਹ ਪਹਿਲੀ ਝਲਕ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸਾਂਝੀ ਕੀਤੀ ਹੈ। -ਪੀਟੀਆਈ