ਮੁੰਬਈ: ਹਾਲ ਹੀ ਵਿੱਚ ਆਦਾਕਾਰ ਅਕਸ਼ੈ ਕੁਮਾਰ ਨਾਲ ਫਿਲਮ ‘ਕਟਪੁਤਲੀ’ ਵਿੱਚ ਨਜ਼ਰ ਆਈ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੀ ਪੰਜਾਬੀ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਇੱਕ ਪਰਿਵਾਰਕ ਫਿਲਮ ਹੈ, ਜਿਸ ਵਿੱਚ ਪਿਆਰ ਤੇ ਬਦਲੇ ਦੀ ਭਾਵਨਾ ਦਾ ਸੁਮੇਲ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਸਰਗੁਣ ਨਾਲ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਵੀ ਮੁੱਖ ਭੂਮਿਕਾ ਵਿੱਚ ਹੈ। ਅਦਾਕਾਰਾ ਦਾ ਕਹਿਣਾ ਹੈ, ‘ਮੈਂ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਬਹੁਤ ਮਜ਼ਾ ਕੀਤਾ। ਇਹ ਫਿਲਮ ਥੋੜ੍ਹੀ ਹਟ ਕੇ ਬਣਾਈ ਗਈ ਹੈ। ਫਿਲਮ ਦੀ ਸ਼ੁਰੂਆਤ ਪਿਆਰ ਤੋਂ ਹੁੰਦੀ ਹੈ, ਪਰ ਛੇਤੀ ਹੀ ਇਹ ਬਦਲੇ ਦੀ ਭਾਵਨਾ ਵਿੱਚ ਬਦਲ ਜਾਂਦੀ ਹੈ, ਜੋ ਇਸ ਫਿਲਮ ਦਾ ਸਭ ਤੋਂ ਮਜ਼ੇ ਵਾਲਾ ਹਿੱਸਾ ਹੈ। ਇਸ ਫਿਲਮ ਵਿੱਚ ਦਰਸ਼ਕਾਂ ਨੂੰ ਮੇਰੇ ਤੇ ਗੁਰਨਾਮ ਵਿਚਾਲੇ ਇੱਕ ਵੱਖਰੀ ਕੈਮਿਸਟਰੀ ਵੇਖਣ ਨੂੰ ਮਿਲੇਗੀ। ਇਹ ਪਰਿਵਾਰਕ ਫਿਲਮ ਹੈ, ਇਸ ਲਈ ਸਾਡੀਆਂ ਉਮੀਦਾਂ ਇਸ ਫਿਲਮ ਤੋਂ ਬਹੁਤ ਜ਼ਿਆਦਾ ਹਨ।’ ਫਿਲਮ ਬਾਰੇ ਗੱਲ ਕਰਦਿਆਂ ਅਦਾਕਾਰ ਗੁਰਨਾਮ ਭੁੱਲਰ ਨੇ ਕਿਹਾ, ‘ਫਿਲਮ ਦੀ ਸ਼ੂਟਿੰਗ ਦੌਰਾਨ ਬਹੁਤ ਮਜ਼ਾ ਆਇਆ। ਇਸ ਫਿਲਮ ਦੀ ਕਹਾਣੀ ਬਹੁਤ ਹੀ ਵੱਖਰੀ ਤੇ ਖਿੱਚ ਪਾਉਣ ਵਾਲੀ ਹੈ।’ ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਕਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ ਤੇ ਫਿਲਮ ਦੀ ਕਹਾਣੀ ਅੰਬਰਦੀਪ ਨੇ ਲਿਖੀ ਹੈ। ਨਿਰਮਾਣ ਅੰਕਿਤ ਵਿਜਾਨ, ਨਵਦੀਪ ਨਰੂਲਾ ਤੇ ਗੁਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਇਹ ਫਿਲਮ 23 ਸਤੰਬਰ ਨੂੰ ਡਿਜੀਟਲ ਪਲੈਟਫਾਰਮ ਜ਼ੀ5 ‘ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ