12.4 C
Alba Iulia
Thursday, December 21, 2023

ਲੋਕ ਨਾਚ ਮਲਵਈ ਗਿੱਧਾ

Must Read


ਭੋਲਾ ਸਿੰਘ ਸ਼ਮੀਰੀਆ

ਗਿੱਧੇ ਨੂੰ ਕਿਸੇ ਥਾਂ ਜਾਂ ਕਿਸੇ ਸਾਜ਼ ਦੀ ਲੋੜ ਨਹੀਂ ਹੁੰਦੀ। ਇਸ ਨੂੰ ਸਿਰਫ਼ ਨੱਚਣ ਲਈ ਮਾਹੌਲ ਚਾਹੀਦਾ ਹੈ। ਕਿਸੇ ਖੁਸ਼ੀ ਦੇ ਸਮੇਂ ਜਾਂ ਤੀਆਂ ਦੇ ਮੌਕੇ ਜਿੱਥੇ ਵੀ ਔਰਤਾਂ ਨੂੰ ਨੱਚਣ ਲਈ ਓਟ ਮਿਲਦੀ ਹੈ, ਉੱਥੇ ਹੀ ਨੱਚ ਲਿਆ ਜਾਂਦਾ ਸੀ। ਸ਼ੁਰੂ ਸ਼ੁਰੂ ਵਿੱਚ ਇਹ ਨਾਚ ਮਰਦਾਂ ਤੋਂ ਓਹਲੇ ਨੱਚਿਆ ਜਾਂਦਾ ਸੀ, ਪਰ ਵਿਆਹਾਂ ਜਾਂ ਖੁਸ਼ੀ ਦੇ ਮੌਕੇ ਇਸ ਨਾਚ ਵਿੱਚ ਹੌਲੀ-ਹੌਲੀ ਪੁਰਸ਼ਾਂ ਦੀ ਸ਼ਮੂਲੀਅਤ ਵੀ ਹੋਣ ਲੱਗੀ। ਕੋਈ ਥਾਂ-ਸਿਰ ਲੱਗਦੀ ਔਰਤ ਜਦੋਂ ਕਿਸੇ ਮਰਦ ਨੂੰ ਮੁਖਾਤਿਬ ਹੋ ਕੇ ਵੰਗਾਰਦੀ ਹੋਈ ਕਹਿੰਦੀ ਹੈ

ਮੇਰੀ ਬੋਲੀ ਦਾ ਮੋੜ ਕਰੀਂ ਸਰਦਾਰਾ

ਅੱਗੋਂ ਪੁਰਸ਼ ਵੀ ਮੋੜਵੇਂ ਰੂਪ ਵਿੱਚ ਬੋਲੀ ਪਾਉਣ ਵਾਲੀ ਮੁਟਿਆਰ ਨੂੰ ਜੁਆਬ ਦਿੰਦਾ ਹੈ:

ਤੇਰੇ ਵਰਗੀ ਦਾ ਮੈਂ ਨਾ ਲਵਾਂ ਪਰਛਾਵਾਂ

ਇਸ ਤਰ੍ਹਾਂ ਪੁਰਸ਼ਾਂ ਦੀ ਹੌਲੀ-ਹੌਲੀ ਇਨ੍ਹਾਂ ਗਿੱਧਿਆਂ ਵਿੱਚ ਸ਼ਮੂਲੀਅਤ ਹੋਣੀ ਸ਼ੁਰੂ ਹੋਈ। ਪੁਰਸ਼ ਗਿੱਧੇ ਵਿੱਚ ਸਿਰਫ਼ ਬੋਲੀ ਹੀ ਪਾਉਂਦੇ ਸਨ। ਇਹ ਵੀ ਗਿੱਧੇ ਦਾ ਇੱਕ ਵਿਧਾਨ ਹੈ ਕਿ ਬੋਲੀ ਚਾਹੇ ਔਰਤ ਨੇ ਪਾਈ ਹੋਵੇ ਤੇ ਚਾਹੇ ਪੁਰਸ਼ ਨੇ ਨੱਚਦੀਆਂ ਔਰਤਾਂ ਹੀ ਹਨ। ਪੁਰਸ਼ ਵੱਲੋਂ ਪਾਈ ਬੋਲੀ ਨੂੰ ਵੀ ਗਿੱਧੇ ਦੇ ਵਿਧਾਨ ਵਿੱਚ ਬਰਾਬਰ ਦੀ ਮਾਨਤਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਬੋਲੀਆਂ ਵਾਲੇ ਵਿਅਕਤੀਆਂ ਦੀ ਵੀ ਮੰਗ ਵਧਣੀ ਸ਼ੁਰੂ ਹੋਈ। ਗਿੱਧੇ ਨੂੰ ਰਸਦਾਰ ਤੇ ਅਨੰਦਮਈ ਬਣਾਉਣ ਲਈ ਬੋਲੀਆਂ ਵਾਲੇ ਮੁੰਡਿਆਂ ਨੂੰ ਸੁਆਲ-ਜੁਆਬ ਲਈ ਭਾਲ ਕੇ ਲਿਆਂਦਾ ਜਾਂਦਾ ਸੀ। ਹੌਲੀ-ਹੌਲੀ ਗਿੱਧੇ ਦੇ ਬਰਾਬਰ ਬੋਲੀਆਂ ਵਾਲੇ ਮੁੰਡਿਆਂ ਦੀਆਂ ਵੀ ਟੋਲੀਆਂ ਬਣਨੀਆਂ ਸ਼ੁਰੂ ਹੋਈਆਂ। ਚਾਰ-ਪੰਜ ਬੋਲੀਆਂ ਵਾਲੇ ਮੁੰਡਿਆਂ ਨੇ ਰਲਕੇ ਇੱਕ ਵੱਖਰੀ ਟੋਲੀ ਬਣਾ ਕੇ ਬੋਲੀਆਂ ਪਾਉਣ ਦੀ ਪਰੰਪਰਾ ਸ਼ੁਰੂ ਕੀਤੀ। ਇੱਕ ਵੇਲਾ ਸੀ ਜਦੋਂ ਇਸ ਤਰ੍ਹਾਂ ਦੇ ਕੰਮ ਨੂੰ ਖਾਂਦੇ ਪੀਂਦੇ ਘਰਾਂ ਦੇ ਬਜ਼ੁਰਗ ‘ਕੰਜਰਾਂ ਦਾ ਕੰਮ’ ਕਿਹਾ ਕਰਦੇ ਸਨ। ਕਿਉਂਕਿ ਮੁੱਖ ਧੰਦਾ ਖੇਤੀਬਾੜੀ ਹੋਣ ਕਰਕੇ ਕੰਮ ਦਾ ਸਰੋਤ ਸਿਰਫ਼ ਮਨੁੱਖੀ-ਸ਼ਕਤੀ ਹੀ ਸੀ। ਬਜ਼ੁਰਗਾਂ ਨੂੰ ਡਰ ਰਹਿੰਦਾ ਸੀ ਕਿ ਉਨ੍ਹਾਂ ਦੇ ਬੱਚੇ ਕਿਤੇ ਇਸੇ ਕੰਮ ਹੀ ਨਾ ਲੱਗ ਜਾਣ। ਉਦੋਂ ਇਸ ਤਰ੍ਹਾਂ ਦੀਆਂ ਬੋਲੀਆਂ ਪਾਉਣ ਲਈ ਕਿਸੇ ਸੁੰਨੇ ਘਰ ਜਾਂ ਪਸ਼ੂਆਂ ਦੇ ਵਾੜੇ ਨੂੰ ਹੀ ਅਖਾੜੇ ਦੇ ਰੂਪ ਵਿੱਚ ਅਪਣਾ ਲਿਆ ਜਾਂਦਾ ਸੀ। ਚਿੱਠੇ ਪੜ੍ਹਨੇ ਜਾਂ ਬੋਲੀਆਂ ਦਾ ਕੰਮ ਘਰਦਿਆਂ ਤੋਂ ਚੋਰੀ ਕੀਤਾ ਜਾਂਦਾ ਸੀ। ਬੋਲੀਆਂ ਪਾਉਣ ਵਾਲਾ ਮੁੰਡਾ ਬੋਲੀ ਨੂੰ ਸ਼ੁਰੂ ਕਰਦਾ। ਜਦੋਂ ਬੋਲੀ ਦਾ ਤੋੜਾ ਆਉਂਦਾ ਤਾਂ ਤੋੜੇ ਤੋਂ ਪਹਿਲਾਂ ਵਾਲੀ ਪੰਕਤੀ ਦੀ ਚਾਲ ਨੂੰ ਉਹ ਇਉਂ ਮੱਠੀ ਕਰ ਦਿੰਦਾ ਜਿਵੇਂ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ ਨਦੀ ਦੀ ਚਾਲ ਮੱਠੀ ਹੋ ਜਾਂਦੀ ਹੈ। ਤੋੜਾ ਆਉਣ ‘ਤੇ ਚਾਰੇ-ਪੰਜੇ ਜਣੇ ਬੋਲੀ ਨੂੰ ਚੁੱਕ ਕੇ ਤਿੰਨ ਜਾਂ ਚਾਰ ਵਾਰੀ ਦੁਹਰਾਉਂਦੇ ਸਨ ਅਤੇ ਇਸ ਤਰ੍ਹਾਂ ਬੋਲੀ ਦੀ ਸਾਰਥਿਕਤਾ ਨੂੰ ਸੰਪੂਰਨਤਾ ਬਖ਼ਸ਼ੀ ਜਾਂਦੀ ਸੀ।

ਹੌਲੀ-ਹੌਲੀ ਇਹ ਪਰੰਪਰਾ ਪਸ਼ੂਆਂ ਦੇ ਵਾੜੇ ਜਾਂ ਓਹਲਿਆਂ ਤੋਂ ਨਿਕਲਦੀ ਹੋਈ ਮੇਲਿਆਂ ਦਾ ਸ਼ਿੰਗਾਰ ਬਣਨਾ ਸ਼ੁਰੂ ਹੋਈ। ਮਾਲਵੇ ਦੇ ਇਲਾਕੇ ਵਿੱਚ ਵਧੀ ਫੁੱਲੀ ਹੋਣ ਕਰਕੇ ਅਤੇ ਔਰਤਾਂ ਦੇ ਗਿੱਧੇ ਵਿੱਚੋਂ ਰੂਪਮਾਨ ਹੋਈ ਹੋਣ ਕਰਕੇ ਇਸ ਨੂੰ ‘ਮਲਵਈ ਗਿੱਧੇ’ ਦੇ ਰੂਪ ਵਿੱਚ ਦੇਖਿਆ ਜਾਣ ਲੱਗਾ। ਇਸ ਪਰੰਪਰਾ ਨੂੰ ਗਿੱਧੇ ਦੀ ਸ਼ਾਖ ਵਜੋਂ ਦੇਖਿਆ ਜਾਂਦਾ ਹੈ। ਇਸ ਨਾਚ ਨੂੰ ਜ਼ਿਆਦਾ ਪ੍ਰਸਿੱਧੀ ਉਦੋਂ ਮਿਲੀ ਜਦੋਂ ਇਸ ਨੂੰ ਨੱਚਣ ਲਈ ਵਡੇਰੀ ਉਮਰ ਦੇ ਬਾਬੇ ਵੀ ਇਸ ਪਰੰਪਰਾ ਵਿੱਚ ਸ਼ਾਮਲ ਹੋ ਗਏ। ਚੱਠਿਆਂ ਵਾਲੇ ਬਾਬਿਆਂ ਦਾ ਗਿੱਧਾ ਵਿਸ਼ਵ ਪੱਧਰ ‘ਤੇ ਮਲਵਈ ਗਿੱਧੇ ਦੀ ਪਹਿਚਾਣ ਬਣਿਆ। ਵਡੇਰੀ ਉਮਰ ਦੇ ਬਾਬੇ ਜਦੋਂ ਬੋਲੀ ਪਾ ਕੇ ਹਲਕਾ ਫੁਲਕਾ ਜਿਹਾ ਗਿੱਧੇ ਵਿੱਚ ਸੇਲ੍ਹੀਆਂ ਚੁੱਕ ਕੇ ਗੇੜਾ ਦਿੰਦੇ ਤਾਂ ਦਰਸ਼ਕ ਬਾਗੋ-ਬਾਗ ਹੋ ਕੇ ਤਾੜੀਆਂ ਮਾਰਦੇ। ਮਾਲਵੇ ਵਿੱਚ ਇਹ ਨਾਚ ਬਠਿੰਡਾ ਦੇ ਬਾਹੀਆ ਖਿੱਤੇ ਵਿੱਚ ਜ਼ਿਆਦਾ ਪ੍ਰਫੁੱਲਿਤ ਹੋ ਰਿਹਾ ਹੈ।

ਪੰਜਾਬੀ ਵਿਦਵਾਨ ਡਾ. ਨਾਹਰ ਸਿੰਘ ਨੇ ਇਸ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਬੋਲੀਆਂ ਪਾਉਣ ਵਾਲੇ ਛੁਪੇ ਕਲਾਕਾਰਾਂ ਨੂੰ ਫਰੰਟ ਲਾਈਨ ‘ਤੇ ਲਿਆ ਕੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ਇਨ੍ਹਾਂ ਕਲਾਕਾਰਾਂ ਵਿੱਚ ‘ਭਗਤੂ ਪਿੰਡ ਕੱਟੂ ਦਾ’, ‘ਪਾਲ ਭੁੱਲਰ ਪਿੰਡ ਸੰਘੇੜੇ’, ‘ਮਹਿਮੇ ਵਾਲਾ ਲਛਮਣ’, ‘ਢੁੱਡੀ ਕਿਆਂ ਦਾ ਕੂੜਾ’, ‘ਮਰਾਜ੍ਹ ਵਾਲਾ ਚੰਦ ਕਵੀਸ਼ਰ’ ਆਦਿ ਬੋਲੀਕਾਰ ਸਨ। ਮਲਵਈ ਗਿੱਧੇ ਤੋਂ ਪਹਿਲਾਂ ‘ਕੱਲੀਆਂ ਬੋਲੀਆਂ ਪਾਉਣ ਦੀ ਪਿਰਤ ਪਈ। ਬਾਅਦ ਵਿੱਚ ਇਹ ਪਿਰਤ ਮਲਵਈ ਗਿੱਧੇ ਵਿੱਚ ਤਬਦੀਲ ਹੋ ਗਈ। ਮਲਵਈ ਗਿੱਧੇ ਦੀਆਂ ਟੋਲੀਆਂ ਵਿੱਚ ਅੱਜਕੱਲ੍ਹ ‘ਕਲਿਆਣਾ ਵਾਲੇ ਗੁਰਦਿੱਤੇ ਦੀ ਢਾਣੀ’, ‘ਕੋਠਾ ਗੁਰੂੁ ਕੇ ਮੁੰਡਿਆਂ ਦੀ ਢਾਣੀ’, ‘ਨਥਾਣੇ ਵਾਲੇ ਚੋਬਰਾਂ ਦਾ ਗਿੱਧਾ’, ‘ਘੋਲੀਏ ਕਲਾਂ ਵਾਲੀ ਟੋਲੀ’ ਅਤੇ ਬਾਹੀਏ ਦੇ ਹੋਰ ਕਈ ਪਿੰਡਾਂ ਵਿੱਚ ਇਹ ਟੋਲੀਆਂ ਹੁਣ ਪੇਸ਼ੇਵਰ ਤੌਰ ‘ਤੇ ਕੰਮ ਕਰ ਰਹੀਆਂ ਹਨ। ਇਹ ਗਿੱਧਾ ਹੁਣ ਸਕੂਲਾਂ ਦੀਆਂ ਸਟੇਜਾਂ ‘ਤੇ ਵੀ ਆ ਚੜ੍ਹਿਆ ਹੈ। ਕਲਿਆਣਾ ਵਾਲੇ ਗੁਰਨਾਮ ਸਿੱਧੂ ਅਤੇ ਅਮਰਜੀਤ ਸਿੰਘ ਸਿੱਧੂ ਵਰਗੇ ਸੁਚੱਜੇ ਤੇ ਯੋਗ ਅਧਿਆਪਕਾਂ ਦੀ ਅਗਵਾਈ ਸਦਕਾ ਇਹ ਸਕੂਲਾਂ ਵਿੱਚ ਵੀ ਪੈਰ ਪਸਾਰ ਚੁੱਕਾ ਹੈ। ਮੇਲਿਆਂ ਤੇ ਇਕੱਠਾਂ ਵਿੱਚੋਂ ਹੁੰਦਾ ਹੋਇਆ ਇਹ ਗਿੱਧਾ ਅੱਜਕੱਲ੍ਹ ਸਾਡੇ ਸੱਭਿਆਚਾਰ ਦਾ ਅੰਗ ਬਣਦਾ ਹੋਇਆ ਸਾਡੇ ਵਿਆਹਾਂ ਤੇ ਖੁਸ਼ੀਆਂ ਦੇ ਮੌਕਿਆਂ ਵਿੱਚ ਧੜੱਲੇ ਨਾਲ ਪ੍ਰਵੇਸ਼ ਹੋਇਆ ਹੈ। ਰਵਾਇਤੀ ਪਹਿਰਾਵੇ ਵਿੱਚ ਬੱਝਿਆ ਹੋਇਆ ਮਲਵਈ ਗਿੱਧਾ ਹੁਣ ਕਾਟੋ, ਗਿੜਦਾ, ਢੋਲਕ, ਚਿਮਟਾ ਅਤੇ ਬਗਦੂ ਆਦਿ ਸਾਜਾਂ ਨਾਲ ਲੈਸ ਹੋ ਕੇ ਸਟੇਜ ‘ਤੇ ਆ ਚੜਿ੍ਹਆ ਹੈ। ਮਲਵਈ ਗਿੱਧੇ ਵਿੱਚ ਨੱਚਿਆ ਭਾਵੇਂ ਸੀਮਤ ਜਾਂਦਾ ਹੈ, ਪਰ ਆਪੋ-ਆਪਣੀ ਥਾਂ ‘ਤੇ ਖੜ੍ਹਕੇ ਸਰੀਰਕ ਅਦਾਵਾਂ ਨਾਲ ਪੇਸ਼ਕਾਰੀ ਨੂੰ ਰੂਪ ਚਾੜ੍ਹਿਆ ਜਾਂਦਾ ਹੈ। ਬੋਲੀਆਂ ਵਿਚਲਾ ਹਕੀਕੀ ਰੰਗ ‘ਕੌੜਾ ਸੱਚ’ ਬਣ ਕੇ ਉੱਭਰਦਾ ਹੈ। ਕਲਾਕਾਰ ਚਿਮਟਾ, ਗਿੜਦਾ, ਕਾਟੋ ਜਾਂ ਬਗਦੂ ਵਜਾਉਂਦੇ ਸਮੇਂ ਆਪਣੇ ਮੋਢੇ ਤੇ ਲੱਤਾਂ ਨੂੰ ਸਪਰਿੰਗ ਵਾਂਗ ਲਚਕਾਉਂਦੇ ਹਨ। ਨੱਚਣ ਵਾਂਗ ਪੇਸ਼ਕਾਰੀ ਕਰਦੇ ਸਮੇਂ ਉਹ ਇੱਕ ਦੂਜੇ ਵੱਲ ਮੁਸਕਰਾਉਂਦੇ ਜਾਂ ਹੱਸਦੇ ਹੋਏ ਝੂਮਦੇ ਹੋਏ ਬੋਲੀ ਦੇ ਬੋਲਾਂ ਵਿੱਚ ਜਾਨ ਪਾ ਦਿੰਦੇ ਹਨ।

ਇਸ ਨਾਚ ਵਿੱਚ ਸਰੋਦ ਰਸ ਭਾਰੂ ਹੁੰਦਾ ਹੈ। ਨੱੱਚਣ ਨਾਲੋਂ ਬੋਲੀ ਦੀ ਭਾਵਨਾ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ। ਜਦੋਂ ਕੋਈ ਟੋਲੀ ਸਟੇਜ ਜਾਂ ਗਿੱਧੇ ਲਈ ਮੁਕੱਰਰ ਕੀਤੀ ਥਾਂ ‘ਤੇ ਪ੍ਰਵੇਸ਼ ਕਰਦੀ ਹੈ ਤਾਂ ਫ਼ੌਜ ਦੇ ਬੈਂਡ ਵਾਂਗ ਪੂਰੇ ਧੜੱਲੇ ਤੇ ਜਲੌਅ ਨਾਲ ਪੇਸ਼ ਹੁੰਦੀ ਹੈ। ਸਾਜ਼ਾਂ ਦੇ ਤਾਲ ਨਾਲ ਸਰੀਰਕ ਅਦਾਵਾਂ ਇੱਕ ਮਿੱਕ ਹੁੰਦੀਆਂ ਹਨ। ਹੌਲੀ-ਹੌਲੀ ਝੂਮਦੇ ਹੋਏ ਕਲਾਕਾਰ ਆਪੋ ਆਪਣੀਆਂ ਥਾਵਾਂ ਮੱਲਦੇ ਹਨ। ਟੋਲੀ ਦਾ ਮੁਖੀਆਂ ਸੈਂਟਰ ਵਿੱਚ ਖੜ੍ਹਦਾ ਹੈ। ਜ਼ਿਆਦਾ ਕਰਕੇ ਮੁਖੀਏ ਕੋਲ ਬਗਦੂ ਹੀ ਹੁੰਦਾ ਹੈ। ਸਾਜ਼ਾਂ ਦੇ ਪੂਰੇ ਧੂਮ-ਧੜੱਕੇ ਤੋਂ ਬਾਅਦ ਟੀਮ ਦਾ ਉਸਤਾਦ ਹੱਥ ਖੜ੍ਹਾ ਕਰਕੇ ਟੀਮ ਨੂੰ ਸਾਜ਼ ਬੰਦ ਕਰਨ ਦਾ ਇਸ਼ਾਰਾ ਕਰਦਾ ਹੈ। ਸੰਖੇਪ ਜਿਹੇ ਸੰਬੋਧਨੀ ਸ਼ਬਦਾਂ ਤੋਂ ਬਾਅਦ ਧਰਤੀ ਨੂੰ ਮੱਥਾ ਟੇਕਦਾ ਹੋਇਆ ਉਸਤਾਦ ਪਰਮੇਸ਼ਰ ਦਾ ਧਿਆਨ ਧਰਦੀ ਬੋਲੀ ਉਚਾਰਦਾ ਹੈ। ਇਹ ਇੱਕ ਤਰ੍ਹਾਂ ਨਾਲ ਗਿੱਧੇ ਦੀ ਪੂਰਨਤਾ ਲਈ ‘ਅਰਦਾਸ’ ਹੀ ਹੁੰਦੀ ਹੈ। ਬੋਲੀਕਾਰ ਬਗਦੂ ਨੂੰ ਆਪਣੀ ਖੱਬੀ ਕੱਛ ਵਿੱਚ ਘੁੱਟਦਾ ਹੋਇਆ ਅੱਗੇ ਵਧਕੇ ਬੋਲੀ ਦੀ ਸ਼ੁਰੂਆਤ ਕਰਦਾ ਹੈ:

ਦੇਵੀ ਮਾਤਾ ਗੌਣ ਬਖ਼ਸ਼ਦੀ, ਨਾਮ ਲਏ ਜੱਗ ਤਰਦਾ।

ਬੋਲੀਆਂ ਪਾਉਣ ਦੀ ਹੋ ਗਈ ਮਨਸ਼ਾ, ਆਣ ਗਿੱਧੇ ਵਿੱਚ ਵੜਦਾ।

ਇੱਕ ਸੱਚੇ ਪਰਮੇਸ਼ਰ ਬਾਝੋਂ ਮੈਂ ਨੀਂ ਕਿਸੇ ਤੋਂ ਡਰਦਾ।

ਨਾਂ ਪਰਮੇਸ਼ਰ ਦਾ ਲੈ ਕੇ ਗਿੱਧੇ ਵਿੱਚ ਵੜਦਾ।

ਇਸ ਤਰ੍ਹਾਂ ਪਰਮੇਸ਼ਰ ਨੂੰ ਧਿਆਉਣ ਉਪਰੰਤ ਬੋਲੀਕਾਰ ਆਪਣੇ ਉਸਤਾਦ ਦੀ ਪ੍ਰਸ਼ੰਸਾ, ਆਪਣੇ ਸੰਗੀ ਸਾਥੀਆਂ ਦੀ ਸੁੱਖ ਅਤੇ ਜਿਸ ਮਕਸਦ ਲਈ ਟੀਮ ਆਈ ਹੁੰਦੀ ਹੈ, ਉਸ ਕਾਰਜ ਦੇ ਨਿਰਵਿਘਨ ਨੇਪਰੇ ਚੜ੍ਹਨ ਦੀ ਵੰਦਨਾ ਕਰਦਾ ਹੈ। ਫਿਰ ਮਾਹੌਲ ਨੂੰ ਗਰਮਾਉਂਦਾ ਹੋਇਆ ਪ੍ਰਚੱਲਿਤ ਬੋਲੀਆਂ ਦੀ ਸ਼ੁਰੂਆਤ ਕਰਦਾ ਹੈ;

ਮੰਨ ਲੈ ਭੋਰ ਦੀ ਆਖੀ, ਨੀਂ ਚੜ੍ਹ ਜਾ ਬੋਤੇ ‘ਤੇ

ਫਿਰ ਉਸ ਦੀ ਟੋਲੀ ਦਾ ਦੂਸਰਾ ਸਾਥੀ ਆਪਣੇ ਸਾਜ਼ ਨੂੰ ਵਜਾਉਂਦਾ-ਵਜਾਉਂਦਾ ਅੱਗੇ ਆਉਂਦਾ ਹੈ ਅਤੇ ਆਪਣੇ ਉਸਤਾਦ ਨੂੰ ਜੁਆਬ ਦਿੰਦਾ ਹੋਇਆ ਬੋਲਦਾ ਹੈ:

ਮੈਂ ਨਾ ਬਾਲਮਾਂ ਬਹਿੰਦੀ, ਵੇ ਬੋਤਾ ਚੋਰੀ ਦਾ

ਇਸ ਤਰ੍ਹਾਂ ਵਾਰਤਾਲਾਪੀ ਬੋਲੀਆਂ ਰਾਹੀਂ ਗਿੱਧੇ ਨੂੰ ਰੌਚਕ ਬਣਾਇਆ ਜਾਂਦਾ ਹੈ। ਅੱਜਕੱਲ੍ਹ ਗਿੱਧਾ ਵਿਆਹਾਂ ਸ਼ਾਦੀਆਂ ਵਿੱਚ ਅਹਿਮ ਅੰਗ ਬਣਦਾ ਜਾ ਰਿਹਾ ਹੈ। ਵਿਆਹਾਂ ਦੀਆਂ ਸਾਰੀਆਂ ਰਸਮਾਂ ਨੂੰ ਪੂਰਨ ਦੇ ਲਈ ਇਸ ਗਿੱਧੇ ਵਿੱਚ ਹੁਣ ਕੁੜੀਆਂ ਦੀ ਸ਼ਮੂਲੀਅਤ ਵੀ ਹੋਣੀ ਸ਼ੁਰੂ ਹੋ ਗਈ ਹੈ। ਵਿਆਹਾਂ ਸ਼ਾਦੀਆਂ ਦੇ ਸਾਰੇ ਰੰਗ ਮਲਵਈ ਗਿੱਧੇ ਦੇ ਘੇਰੇ ਵਿੱਚ ਆ ਗਏ ਹਨ ਕਿਉਂਕਿ ਮਲਵਈ ਗਿੱਧਾ ਹੁਣ ਇੱਕ ਪੇਸ਼ਾ ਬਣ ਚੁੱਕਾ ਹੈ। ਵਿਆਹਾਂ ਵਿਚਲੀਆਂ ਰਸਮਾਂ ਮਲਵਈ ਗਿੱਧੇ ਦੇ ਦਾਇਰੇ ਵਿੱਚ ਆ ਗਈਆਂ ਹਨ। ਇਸ ਦੇ ਕਲਾਕਾਰ ਵੀ ਸਥਿਤੀ ਨੂੰ ਭਾਂਪਦੇ ਹੋਏ ਜਿਹੋ ਜਿਹਾ ਮਾਹੌਲ ਹੁੰਦਾ ਹੈ, ਉਹੋ ਜਿਹੀਆਂ ਬੋਲੀਆਂ ਪਾ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟ ਜਾਂਦੇ ਹਨ। ਜਿਸ ਇਲਾਕੇ ਵਿੱਚ ਖੜ੍ਹੇ ਹੋਣ ਉਸ ਇਲਾਕੇ ਦੀ ਕਿਸੇ ਵਿਸ਼ੇਸ਼ਤਾ ਨੂੰ ਦਰਸਾ ਕੇ ਆਪਣੀ ਵਿਦਵਤਾ ਦਾ ਸਬੂਤ ਵੀ ਦੇ ਜਾਂਦੇ ਹਨ। ਜਿਵੇ:

ਚੰਡੀਗੜ੍ਹ ਦੀ ਜੰਤਾ ਯਾਰੋ ਸਭ ਨੂੰ ਜੀ-ਜੀ ਕਹਿੰਦੀ।

ਲੁੱਦੇਹਾਣੇ ਦੇ ਭਾਅ ਜੀ ਆਖਣ, ਮਾਨਸਾ ਤੀ-ਤੀ ਕਹਿੰਦੀ।

ਅੰਬਰਸਰੀਏ ਗੁਰਮੁਖ ਕਹਿਕੇ, ਫਿਰਨ ਵੇਚਦੇ ਮਹਿੰਦੀ।

ਗਾਲ੍ਹ ਬਠਿੰਡੇ ਦੀ, ਗੁੱਝੀ ਕਿਤੇ ਨਾ ਰਹਿੰਦੀ।

ਫਿਰ ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਵਿਸ਼ੇ ਤਹਿਤ ਕਿੰਨੇ ਹੀ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੇ ਹਨ। ਬੋਲੀ ਦੀ ਭਾਵਨਾ ਨੂੰ ਰੌਚਕਤਾ ਬਖ਼ਸ਼ਣ ਦੇ ਮੰਤਵ ਨਾਲ ਵੀ ਕਿਸੇ ਪਿੰਡ ਨੂੰ ਦ੍ਰਿਸ਼-ਚਿਤਰਣ ਵਜੋਂ ਰੂਪਮਾਨ ਕਰ ਲਿਆ ਜਾਂਦਾ ਹੈ। ਜਿਵੇਂ:

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੱਤੀ।

ਉੱਥੋਂ ਦੀ ਇੱਕ ਕੁੜੀ ਦਾ ਮਾਪਿਆਂ ਨਾਂ ਰੱਖ ਦਿੱਤਾ ਮੱਖੀ।

ਮਾਂ ਤਾਂ ਓਸਦੀ ਰਹੇ ਘੂਰਦੀ ਪਿਓ ਨੇ ਲਾਡਲੀ ਰੱਖੀ।

ਸਿੱਧੇ ਮੂੰਹ ਉਹ ਗੱਲ ਨਾ ਕਰਦੀ, ਹਰਦਮ ਰਹਿੰਦੀ ਅੱਕੀ।

ਮੇਰੇ ਵੱਸ ਪਾ ਤੀ, ਪਾਲ-ਪੋਸ ਕੇ ਢੱਠੀ।

ਮਲਵਈ ਗਿੱਧਾ ਬੇਸ਼ੱਕ ਮਰਦਾਵਾਂ ਨਾਚ ਹੈ, ਪਰ ਇਹ ਔਰਤਾਂ ਦੇ ਗਿੱਧੇ ਦੀ ਸ਼ਾਖ ਹੋਣ ਕਰਕੇ ਔਰਤਾਂ ਇਸ ਦੀਆਂ ਬੋਲੀਆਂ ਨੂੰ ਬਹੁਤ ਹੀ ਗਹੁ ਨਾਲ ਸੁਣਦੀਆਂ ਹਨ। ਇਸ ਵਿੱਚ ਗਿੱਧੇ ਦੀਆਂ ਬੋਲੀਆਂ ਦਾ ਦੁਹਰਾਉ ਹੀ ਹੁੰਦਾ ਹੈ। ਇਹ ਮਰਦਾਵਾਂ ਮੁਦਰਾ ਵਿੱਚ ਔਰਤਾਂ ਦੀਆਂ ਛੁਪੀਆਂ ਭਾਵਨਾਵਾਂ ਦੀ ਗੱਲ ਕਰਦਾ ਹੈ। ਇਸ ਲਈ ਇਹ ਔਰਤਾਂ ਦੇ ਸੀਨਿਆਂ ਵਿੱਚ ਵੱਧ ਧੜਕਦਾ ਹੈ। ਕਲਾਕਾਰ ਵੀ ਔਰਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਕੋਈ ਅਜਿਹੀ ਬੋਲੀ ਛੇੜਦੇ ਹਨ ਜੋ ਔਰਤਾਂ ਦੇ ਧੁਰ ਅੰਦਰ ਤੱਕ ਸਮਾ ਜਾਵੇ। ਜਿਵੇ:

ਤੇਰਾ ਮੇਰਾ ਪਿਆਰ ਭਾਬੀਏ, ਦੰਦ ਕਿਰਚਦਾ ਵੇਹੜਾ।

ਦੋਵਾਂ ਵਿੱਚੋਂ ਮੈਂ ਮੁੱਕ ਜਾਵਾਂ, ਮੁੱਕ ਜੇ ਰੋਜ਼ ਦਾ ਝੇੜਾ।

ਲੜ ਗਿਆ ਕਾਲਜੇ ਮੇਰੇ, ਤੇਰਾ ਦੇਖ ਉਤਰਿਆ ਚੇਹਰਾ।

ਰੱਬ ਜਸਮੇਲ ਕੁਰੇ, ਦੁਖ ਨਾ ਦਿਖਾਵੇ ਤੇਰਾ।

ਜਦੋਂ ਕਿਰਤ, ਕਲਾਕਾਰ ਤੇ ਦਰਸ਼ਕ ਇਕਮਿਕ ਹੋ ਜਾਣ ਤਾਂ ਉਦੋਂ ਬੋਲੀਆਂ ਪੈਂਦੀਆਂ ਨਹੀਂ ਆਪਣੇ ਆਪ ਅੰਦਰੋਂ ਫੁੱਟਦੀਆਂ ਹਨ। ਕਲਾ ਦਾ ਅਸਲੀ ਰੂਪ ਨਿੱਖਰਦਾ ਹੈ। ਇਸ ਮੌਕੇ ਕਈ ਵਾਰ ਲੰਬੀਆਂ ਤੇ ਕਲਾਤਮਕ ਬੋਲੀਆਂ ਵੀ ਛੇੜਨ ਨੂੰ ਦਿਲ ਕਰਦਾ ਹੈ। ਜਦੋਂ ਦਰਸ਼ਕਾਂ ਦਾ ਧਿਆਨ ਕੇਂਦਰਿਤ ਹੁੰਦਾ ਹੈ ਤਾਂ ਕਲਾਕਾਰ ਕੋਈ ਦਿਲਟੁੰਬਵੀਂ ਬੋਲੀ ਪਾ ਕੇ ਆਪਣੀ ਵਿਦਵਤਾ ਦਾ ਸਬੂਤ ਦਿੰਦਾ ਹੈ। ਗਿੱਧੇ ਵਿੱਚ ਵਰਤੇ ਜਾਂਦੇ ਸਾਜ਼ ਕਿਰਲੇ (ਕਾਟੋ) ਦੀ ਨੱਕਾਸ਼ੀ ਕਰਦਾ ਇੱਕ ਕਲਾਕਾਰ ਸਚਮੁੱਚ ਹੀ ਕਮਾਲ ਕਰ ਦਿੰਦਾ ਹੈ:

ਪਿੰਡ ਮਹਿਮੇ ਵਿੱਚ ਚਾਨਣ ਮਿਸਤਰੀ,

ਸੱਤ ਪਿੰਗਲ ਦਾ ਪੜਿ੍ਹਆ।

ਮੈਂ ਲਿਆ ਕੇ ਬਾਹਰੋਂ ਡਾਹਣਾ ਤੂਤ ਦਾ,

ਮੂਹਰੇ ਓਸਦੇ ਧਰਿਆ।

ਲੈ ਬੁੜਿ੍ਹਆ ਮੈਨੂੰ ਕਿਰਲਾ ਬਣਾਦੇ,

ਮੁੱਖ ‘ਚੋਂ ਬਚਨ ਸੀ ਕਰਿਆ।

ਆਰੀ ਨਾਲ ਉਹਨੇ ਲਾ ਲੇ ਮੋਛੇ,

ਤੇਸਾ ਮਾਰ ਕੇ ਘੜਿਆ।

ਛੈਣੀ ਨਾਲ ਉਹਨੇ ਵੱਢਲੀ ਪੱਤਰੀ,

ਫੇਰ ਡਾਂਗ ਤੇ ਧਰਿਆ।

ਵਰਮੇ ਨਾਲ ਉਹਨੇ ਸੱਲ ਕੱਢਲੇ,

ਥੌੜਾ ਮਾਰ ਕੇ ਜੜਿਆ।

ਮੈਨੂੰ ਕਹਿੰਦਾ ਲੈ ਜੋ ਸ਼ਾਇਰ ਜੀ,

ਕੰਮ ਥੋਡਾ ਮੈਂ ਕਰਿਆ।

ਮੇਰੇ ਨਾਲ ਕਰਤਾਰ ਭਗਤ ਸੀ,

ਜੋ ਜਾਦੂ ਦਾ ਭਰਿਆ।

ਕਿਰਲਾ ਬਾਹਲਾ ਸੋਹਣਾ ਦੇਖਕੇ,

ਤਾਗਾ ਓਸਨੇ ਕਰਿਆ।

ਤਾਗੇ ਦੇ ਵਿੱਚ ਭਰਤਾ ਪੁਤਲਾ,

ਜਿਉਂਦਾ ਓਸਨੇ ਕਰਿਆ।

ਜਦੋਂ ਭਰਾਵੋ ਲਿਆਂਦਾ ਘਰ ਨੂੰ,

ਲਿਆ ਕੇ ਮੰਜੇ ਤੇ ਧਰਿਆ।

ਕਿਰਲਾ ਭੱਜ ਚਲਿਆ, ਨੌ ਜਣਿਆਂ ਨੇ ਫੜਿਆ।

ਸੋ ਇਸ ਤਰ੍ਹਾਂ ਮਲਵਈ ਗਿੱਧਾ ਸਾਡੇ ਰਵਾਇਤੀ ਪਹਿਰਾਵੇ ਦੀ ਲੱਜ ਨੂੰ ਪਾਲਦਾ ਹੋਇਆ ਸਾਡੇ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਸ ਦੇ ਮੁਕਾਬਲੇਬਾਜ਼ੀ ਵਿੱਚ ਆਉਣ ਕਰਕੇ ਹੁਣ ਇਸ ਦੇ ਵੀ ਕੁਝ ਨਿਯਮ ਤੇ ਮਾਪਦੰਡ ਮੁਕੱਰਰ ਕੀਤੇ ਗਏ ਹਨ। ਜਿਵੇਂ ਕਲਾਕਾਰਾਂ ਦੀ ਗਿਣਤੀ, ਸਾਜ਼ਾਂ ਦੀ ਕਿਸਮ, ਪਹਿਰਾਵਾ ਅਤੇ ਬੋਲੀਆਂ ਦੀ ਸੀਮਾ ਤੇ ਕਿਸਮ ਆਦਿ। ਪੰਜਾਬ ਦੀ ਧਰਤੀ ਲਈ ਇਹ ਮੁੱਲਵਾਨ ਪਰੰਪਰਾ ਹੈ। ਇਸ ਬਹਾਨੇ ਅਸੀਂ ਵੀ ਕੁਝ ਪਲਾਂ ਲਈ ਆਪਣੇ ਵਿਰਸੇ ਨਾਲ ਜੁੜ ਜਾਂਦੇ ਹਾਂ।
ਸੰਪਰਕ: 95010-12199



News Source link

- Advertisement -
- Advertisement -
Latest News

ਅਮਰੀਕਾ :ਆਇੳਵਾ ਸੂਬੇ ਦੀ ਕੈਸ ਕਾਉਂਟੀ ਵਿੱਚ ਇੰਟਰਸਟੇਟ ਰੂਟ 80 ਤੇ ਹੋਏ ਰੋਲਓਵਰ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਅਮਰੀਕਾ :ਆਇੳਵਾ ਸੂਬੇ ਦੀ ਕੈਸ ਕਾਉਂਟੀ ਵਿੱਚ ਇੰਟਰਸਟੇਟ ਰੂਟ 80 ਤੇ ਹੋਏ ਰੋਲਓਵਰ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ...
- Advertisement -

More Articles Like This

- Advertisement -