ਹਰਦਿਆਲ ਸਿੰਘ ਥੂਹੀ
ਸੰਗਰੂਰ ਬਰਨਾਲਾ ਸੜਕ ‘ਤੇ ਸਥਿਤ ਕਸਬਾ ਧਨੌਲਾ ਇਤਿਹਾਸਕ ਮਹੱਤਵ ਰੱਖਦਾ ਹੈ। ਇਹ ਭਾਈ ਤਲੋਕਾ ਦੇ ਵੱਡੇ ਪੁੱਤਰ ਭਾਈ ਗੁਰਦਿੱਤਾ ਜੀ ਵੱਲੋਂ 1718 ਵਿੱਚ ਵਸਾਇਆ ਗਿਆ ਸੀ। ਏਥੋਂ ਦੇ ਹੀ ਹੋਏ ਹਨ ਲੋਕ ਢਾਡੀ ਭਰਾ ਮੋਦਨ ਸਿੰਘ ਤੇ ਬਸੰਤ ਸਿੰਘ, ਜਿਨ੍ਹਾਂ ਨੇ ਲੋਕ ਢਾਡੀ ਕਲਾ ਦੇ ਖੇਤਰ ਵਿੱਚ ਬੇਹੱਦ ਪ੍ਰਸਿੱਧੀ ਪ੍ਰਾਪਤ ਕੀਤੀ।
ਮੋਦਨ ਸਿੰਘ ਦਾ ਜਨਮ 1887-88 ਦੇ ਲਗਭਗ ਨਾਭਾ ਰਿਆਸਤ ਦੇ ਪ੍ਰਸਿੱਧ ਪਿੰਡ ਧਨੌਲੇ ਵਿਖੇ ਹੋਇਆ। ਅੱਜਕੱਲ੍ਹ ਇਹ ਬਰਨਾਲਾ ਜ਼ਿਲ੍ਹੇ ਵਿੱਚ ਪੈਂਦਾ ਹੈ। ਉਸ ਦੇ ਪਿਤਾ ਦਾ ਨਾਂ ਭਗਵਾਨ ਸਿੰਘ ਸੀ, ਜੋ ਖ਼ੁਦ ਚੰਗਾ ਕਵੀ ਸੀ। ਉਸ ਨੇ ਕਈ ਕਿੱਸੇ ਲਿਖੇ। ਇਹ ਪਰਿਵਾਰ ਮਹਿਰਾ (ਝਿਊਰ) ਬਰਾਦਰੀ ਨਾਲ ਸਬੰਧਤ ਹੈ। ਮੋਦਨ ਸਿੰਘ ਦੇ ਪੋਤਰੇ ਅਮਰ ਸਿੰਘ ਨੇ ਦੱਸਿਆ ਕਿ 1988 ਵਿੱਚ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਸ ਦੀ ਉਮਰ ਸੌ ਸਾਲ ਤੋਂ ਉੱਪਰ ਸੀ। ਮੋਦਨ ਸਿੰਘ ਤੋਂ ਛੋਟਾ ਉਸ ਦਾ ਭਰਾ ਬਸੰਤ ਸਿੰਘ ਸੀ। ਦੋਵੇਂ ਭਰਾਵਾਂ ਨੂੰ ਗਾਇਕੀ ਦੀ ਲਗਨ ਘਰ ਤੋਂ ਹੀ ਲੱਗੀ। ਪਿਤਾ ਭਗਵਾਨ ਸਿੰਘ ਕਾਵਿ ਰਚਨਾ ਕਰਨ ਦੇ ਨਾਲ ਨਾਲ ਗਾਉਂਦਾ ਵੀ ਸੀ। ਉਹ ਮਾਲਵੇ ਦੇ ਤਾਨਸੈਨ ਵਜੋਂ ਪ੍ਰਸਿੱਧ ਗਮੰਤਰੀ ਮੋਦਨ ਸਿੰਘ ਲੋਹੇਖੇੜੇ ਵਾਲੇ ਦਾ ਸਮਕਾਲੀ ਸੀ। ਗੁਆਂਢੀ ਪਿੰਡ ਹੋਣ ਕਰਕੇ ਭਗਵਾਨ ਸਿੰਘ, ਮੋਦਨ ਸਿੰਘ ਨੂੰ ਮਿਲਦੀ ਸ਼ੁਹਰਤ ਤੇ ਪ੍ਰਸਿੱਧੀ ਬਾਰੇ ਬਾਖੂਬੀ ਜਾਣਦਾ ਸੀ। ਉਸ ਨੇ ਆਪਣੇ ਪੁੱਤਰ ਦਾ ਨਾਂ ਵੀ ਮੋਦਨ ਸਿੰਘ ਰੱਖਿਆ ਅਤੇ ਬਚਪਨ ਤੋਂ ਹੀ ਉਸ ਨੂੰ ‘ਗੌਣ’ ਸਿਖਾਉਣ ਲੱਗ ਗਿਆ ਤਾਂ ਕਿ ਉਹ ਵੀ ਮੋਦਨ ਸਿੰਘ ਲੋਹੇਖੇੜੇ ਵਾਂਗ ਨਾਮੀਂ ਗਮੰਤਰੀ ਬਣੇ। ਇਸ ਤਰ੍ਹਾਂ ਭਗਵਾਨ ਸਿੰਘ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਇਸੇ ਲਾਈਨ ‘ਤੇ ਤੋਰ ਲਿਆ। ਮੋਦਨ ਸਿੰਘ ਨੇ ਸਾਰੰਗੀ ਵਜਾਉਣੀ ਸਿੱਖ ਲਈ ਅਤੇ ਬਹੁਤ ਸਾਰਾ ਗੌਣ ਯਾਦ ਕੀਤਾ। ਏਸੇ ਤਰ੍ਹਾਂ ਬਸੰਤ ਸਿੰਘ ਉਸ ਦਾ ਸਾਥ ਦਿੰਦਾ। ਚੜ੍ਹਦੀ ਜਵਾਨੀ ਵਿੱਚ ਇਨ੍ਹਾਂ ਨੇ ਅਖਾੜਿਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।
ਮੋਦਨ ਸਿੰਘ ਦੇ ਸਾਥੀਆਂ ਵਿੱਚ ਬਸੰਤ ਸਿੰਘ ਤੋਂ ਇਲਾਵਾ ਰਾਣਾ ਮਜ੍ਹਬੀ, ਤਿੱਤਰ ਮਜ੍ਹਬੀ, ਇੰਦਰ ਮਜ੍ਹਬੀ ਤੇ ਸੱਜਣ ਮਹਿਰਾਜ ਸਮੇਂ-ਸਮੇਂ ‘ਤੇ ਜੁੜਦੇ ਤੇ ਨਿੱਖੜਦੇ ਰਹੇ। ਸੱਜਣ ਮਹਿਰਾਜ ਨੇ ਤਾਂ ਗਾਇਕੀ ਦੀ ਸਿੱਖਿਆ ਮੋਦਨ ਸਿੰਘ ਤੋਂ ਹੀ ਲਈ। ਇਹ ਹੀਰ, ਮਿਰਜ਼ਾ, ਪੂਰਨ, ਕੌਲਾਂ, ਦੁੱਲਾਂ, ਦਹੂਦ ਬਾਦਸ਼ਾਹ, ਪ੍ਰਿਥੀ ਚੰਦ ਕਿਰਨ ਮਈ, ਰਾਜਾ ਹਰੀ ਚੰਦ, ਜਾਨੀ ਚੋਰ, ਮਿਸ਼ਰੀ, ਦਸਵੇਂ ਪਾਤਸ਼ਾਹ, ਗੁਰੂ ਨਾਨਕ ਦੇਵ ਜੀ ਆਦਿ ਗਾਥਾਵਾਂ ਤੇ ਪ੍ਰਸੰਗ ਗਾਉਂਦੇ ਸਨ। ਪੂਰਨ ਇਨ੍ਹਾਂ ਦਾ ਸਭ ਤੋਂ ਵੱਧ ਪਸੰਦੀ ਦਾ ‘ਗੌਣ’ ਸੀ। ਮੋਦਨ ਸਿੰਘ ਨੇ ਲਗਾਤਾਰ ਸਵਾ ਮਹੀਨਾ ਹੀਰ ਗਾ ਕੇ ਚੋਟੀ ਦੇ ਢਾਡੀਆਂ ਵਿੱਚ ਆਪਣਾ ਨਾਂ ਦਰਜ ਕਰਾਇਆ। ਖਾਸ ਗੱਲ ਇਹ ਸੀ ਕਿ ਉਹ ਹਰ ਗਾਥਾ ਨੂੰ ਉਸ ਦੇ ਗਾਇਨ ਸਮੇਂ ਅਨੁਸਾਰ ਹੀ ਗਾਉਂਦੇ ਸਨ, ਜਿਵੇਂ ਰਾਗੀ ਰਾਗਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਗਾਉਂਦੇ ਹਨ। ਮੋਦਨ ਸਿੰਘ ਦਾ ਕਹਿਣਾ ਸੀ ਕਿ ਠੀਕ ਸਮੇਂ ‘ਤੇ ਗਾਇਆ ‘ਗੌਣ’ ਹੀ ਲੋਕਾਂ ਵਿੱਚ ਵੱਧ ਮਕਬੂਲੀਅਤ ਹਾਸਲ ਕਰਦਾ ਹੈ। ਉਹ ਦਿਨੇ ਬਾਰਾਂ ਵਜੇ ਤੋਂ ਪਹਿਲਾਂ ਕਦੇ ‘ਦੁੱਲਾ’ ਨਹੀਂ ਸੀ ਗਾਉਂਦੇ।
ਬਜ਼ੁਰਗ ਦੱਸਦੇ ਹਨ ਕਿ ‘ਪੂਰਨ’ ਦੇ ‘ਗੌਣ’ ‘ਤੇ ਇਨ੍ਹਾਂ ਦਾ ਪੂਰਾ ਪਹਿਰਾ ਸੀ। ਪੂਰਨ ਗਾਉਂਦਾ ਮੋਦਨ ਜਦੋਂ ਬੋਲਦਾ ‘ਸੁਣ ਲੋ ਓ ਪੁੱਤਾਂ ਵਾਲਿਓ’, ਤਾਂ ਆਪਣਿਆਂ ਨੂੰ ਯਾਦ ਕਰਕੇ ਬਹੁਤ ਸਰੋਤਿਆਂ ਦੀਆਂ ਅੱਖਾਂ ਭਰ ਜਾਂਦੀਆਂ ਸਨ। ਬਸੰਤ ਸਿੰਘ ਪੂਰਨ ਨੂੰ ਗਾਉਂਦਾ ਗਾਉਂਦਾ ਵੈਰਾਗ ਵਿੱਚ ਆਇਆ ਖੁਦ ਰੋ ਪੈਂਦਾ ਸੀ। ਮੋਦਨ ਸਿੰਘ ਹੁਰਾਂ ਨੇ ਮਾਲਵੇ ਦੇ ਪ੍ਰਸਿੱਧ ਮੇਲਿਆਂ ਤੋਂ ਇਲਾਵਾ ਸਾਂਝੇ ਪੰਜਾਬ ਦੇ ਬਾਰ ਇਲਾਕੇ ਤੱਕ ਧੁੰਮਾਂ ਪਾਈਆਂ। ਮੇਲਿਆਂ ਦੇ ਅਖਾੜਿਆਂ ਤੋਂ ਬਿਨਾਂ ਸਰਦੇ ਪੁੱਜਦੇ ਲੋਕਾਂ ਵੱਲੋਂ ਆਪਣੇ ਪੁੱਤਾਂ ਦੇ ਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਵੀ ਇਨ੍ਹਾਂ ਨੂੰ ਬੁਲਾਇਆ ਜਾਂਦਾ ਸੀ। ਆਮ ਲੋਕਾਂ ਵਿੱਚ ਇਸ ਜਥੇ ਦਾ ਬਹੁਤ ਮਾਣ ਸੀ। ਜਦੋਂ ਕਿਤੇ ਬਹੁਤਾ ‘ਕੱਠ ਜੁੜਿਆ ਹੁੰਦਾ ਤਾਂ ਲੋਕ ਆਮ ਆਖ ਦਿੰਦੇ ਵੀ ਮੋਦਨ ਦਾ ‘ਗੌਣ’ ਚੱਲਦਾ ਲੱਗਦੈ, ਜਿਹੜਾ ਐਨਾ ‘ਕੱਠ ਐ। ਅਜੋਕੇ ਸਮੇਂ ਦੇ ਪ੍ਰਸਿੱਧ ਸਾਰੰਗੀ ਵਾਦਕ ਸ. ਰਣਜੀਤ ਸਿੰਘ ਗਿੱਲ ਧਨੌਲੇ ਵਾਲੇ, ਜਿਨ੍ਹਾਂ ਨੇ ਮੋਦਨ ਸਿੰਘ ਤੋਂ ਸਾਰੰਗੀ ਦੇ ਗੁਰ ਸਿੱਖੇ ਦੇ ਅਨੁਸਾਰ ”ਉਸਤਾਦ ਮੋਦਨ ਸਿੰਘ ਦੀ ਗਾਇਕੀ ਵਿੱਚ ਟਿਕਾਅ ਅਤੇ ਸੁਰੀਲਾਪਣ ਸੀ ਅਤੇ ਉਹ ਗਾਉਂਦੇ ਵੀ ਬਹੁਤ ਉੱਚਾ ਸਨ।” ਬਸੰਤ ਸਿੰਘ ਨੂੰ ਗਾਇਕੀ ਦੀ ਮੁੱਢਲੀ ਸਿੱਖਿਆ ਭਾਵੇਂ ਘਰ ਤੋਂ ਹੀ ਮਿਲੀ, ਪਰ ਉਸ ਨੇ ਗਾਇਕੀ ਦੀਆਂ ਬਾਰੀਕੀਆਂ ਲੋਹੇ ਖੇੜੇ ਵਾਲੇ ਮੋਦਨ ਦੇ ਸ਼ਾਗਿਰਦ ਪਾਲਾ ਸਿੰਘ ਮਹਿਰਾਜ ਵਾਲੇ ਤੋਂ ਸਿੱਖੀਆਂ, ਜੋ ਮੋਦਨ ਮਹਿਰਾਜ ਵਾਲੇ ਦਾ ਪਿਉ ਸੀ। ਮੈਨੂੰ ਮੋਦਨ ਸਿੰਘ ਮਹਿਰਾਜ ਵਾਲੇ ਨੇ ਦੱਸਿਆ ਸੀ ਕਿ ਭਾਵੇਂ ਉਹ ਬਚਪਨ ਤੋਂ ਹੀ ਆਪਣੇ ਪਿਉ ਪਾਲਾ ਸਿੰਘ ਤੋਂ ਢਾਡੀ ਗਾਇਕੀ ਸਿੱਖਣ ਲੱਗ ਗਿਆ ਸੀ, ਪਰ ਉਹ ਸ਼ਾਗਿਰਦ ਆਪਣੇ ਪਿਉ ਦੇ ਸ਼ਾਗਿਰਦ ਬਸੰਤ ਸਿੰਘ ਧਨੌਲੇ ਵਾਲੇ ਦਾ ਬਣਿਆ। ਇਸ ਤਰ੍ਹਾਂ ਢਾਡੀ ਗਾਇਕੀ ਦੇ ਖੇਤਰ ਵਿੱਚ ਬਸੰਤ ਸਿੰਘ ਵੀ ਇੱਕ ਵੱਡਾ ਨਾਂ ਸੀ।
ਸਰੋਤੇ ਇਨ੍ਹਾਂ ਤੋਂ ‘ਪੂਰਨ’ ਜ਼ਿਆਦਾ ਸੁਣਦੇ ਸਨ:
ਨਾ ਰੋ ਨੀਂ ਮਾਤਾ ਮੇਰੀਏ,
ਨਾ ਸਿੱਟ ਨੇਤਰਾਂ ‘ਚੋਂ ਨੀਰ।
ਨੀਰ ਨੀਰ ਨੀਰ ਮਾਏਂ ਮੇਰੀਏ,
ਨਾ ਸਿੱਟ ਨੇਤਰਾਂ ‘ਚੋਂ ਨੀਰ।
ਤੈਨੂੰ ਮੈਂ ਬਾਰਾਂ ਵਰ੍ਹਿਆਂ ਤੋਂ ਆ ਮਿਲੂੰ,
ਆਜੂੰਗਾ ਮੈਂ ਨਦੀਆਂ ਚੀਰ।
ਬਾਰਾਂ ਬਰਸ ਤੋਂ ਆ ਮਿਲੂੰ,
ਜਿਵੇਂ ਭੈਣਾਂ ਨੂੰ ਮਿਲਦੇ ਵੀਰ।
ਮੈਂ ਤਾਂ ਜਾਊਂਗਾ ਕਚਹਿਰੀ ਮਾਏ ਧਰਮ ਦੀ,
ਜਿੱਥੇ ਨਾਮਾ, ਭਗਤ ਕਬੀਰ।
ਮੇਰੇ ਬਾਪ ਦੀ ਕਚਹਿਰੀ ਜਾਊ ਨਰਕ ਨੂੰ,
ਨਾਲੇ ਮੁਨਸ਼ੀ ਮਸੱਦੀ ਵਜ਼ੀਰ।
ਨਾ ਰੋ ਨੀਂ ਮਾਤਾ ਮੇਰੀਏ,
ਨਾ ਸਿੱਟ ਨੇਤਰਾਂ ‘ਚੋਂ ਨੀਰ।
ਲੰਮਾ ਸਮਾਂ ਮੋਦਨ ਸਿੰਘ ਤੇ ਬਸੰਤ ਸਿੰਘ ਇਕੱਠੇ ਗਾਉਂਦੇ ਰਹੇ। ਜਦੋਂ ਦੋਹਾਂ ਦੇ ਮੁੰਡੇ ਜਵਾਨ ਹੋ ਗਏ ਤਾਂ ਉਹ ਸਾਥ ਦੇਣ ਲੱਗ ਪਏ। ਮੋਦਨ ਦੇ ਗਰੁੱਪ ਵਿੱਚ ਉਸ ਦਾ ਮੁੰਡਾ ਪਿਆਰਾ ਸਿੰਘ ਸੀ। ਏਸੇ ਤਰ੍ਹਾਂ ਬਸੰਤ ਦੇ ਗਰੁੱਪ ਵਿੱਚ ਉਸ ਦੇ ਮੁੰਡੇ ਹਰੀ ਸਿੰਘ, ਕਰਨੈਲ ਸਿੰਘ ਤੇ ਕਰਮ ਸਿੰਘ ਸ਼ਾਮਲ ਹੋ ਗਏ। ਪਿੰਡ ਵਿੱਚ ਇਨ੍ਹਾਂ ਦੀ ਅੱਲ ‘ਗਾਉਣ ਵਾਲਿਆਂ ਦਾ ਟੱਬਰ’ ਪੈ ਗਈ। ਸੋ ਮੋਦਨ ਸਿੰਘ ਤੇ ਬਸੰਤ ਸਿੰਘ ਦੋਹਾਂ ਭਰਾਵਾਂ ਨੇ ਲਗਭਗ ਛੇ ਦਹਾਕੇ ਰੱਜ ਕੇ ਗਾਇਆ। 1973-74 ਵਿੱਚ ਬਸੰਤ ਸਿੰਘ ਬਿਮਾਰੀ ਕਾਰਨ ਰੁਖ਼ਸਤ ਹੋ ਗਿਆ। ਬਾਅਦ ਵਿੱਚ ਕਰਨੈਲ ਸਿੰਘ ਤੇ ਕਰਮ ਸਿੰਘ ਨੇ ਉਸ ਦੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਚਲਾਇਆ। ਮੋਦਨ ਸਿੰਘ ਬਜ਼ੁਰਗ ਹੋਣ ਕਾਰਨ ਭਾਵੇਂ ਅਖਾੜਿਆਂ ਵਿੱਚ ਜਾਣੋ ਹਟ ਗਿਆ, ਪਰ ਉਹ ਪਿੰਡ ਦੇ ਗੁਰਦੁਆਰੇ ਚਲਾ ਜਾਂਦਾ ਅਤੇ ਉੱਥੇ ਨਵੇਂ ਸਿਖਾਂਦਰੂਆਂ ਨੂੰ ਸਾਰੰਗੀ ਵਜਾਉਣੀ ਸਿਖਾਉਂਦਾ। ਉਹ 1988 ਵਿੱਚ ਸੌ ਸਾਲ ਦੇ ਲਗਭਗ ਉਮਰ ਹੰਢਾਅ ਕੇ ਸੰਸਾਰ ਤੋਂ ਕੂਚ ਕਰ ਗਿਆ।
ਕਰਨੈਲ ਸਿੰਘ ਤੇ ਕਰਮ ਸਿੰਘ, ਸੱਜਣ ਸਿੰਘ ਮਹਿਰਾਜ ਤੇ ਇੰਦਰ ਸਿੰਘ ਧਨੌਲਾ ਨਾਲ ਮਿਲ ਕੇ ਕਈ ਸਾਲ ਗਾਉਂਦੇ ਰਹੇ। ਹੌਲੀ-ਹੌਲੀ ਇਸ ਗਾਇਕੀ ਦਾ ਦਾਇਰਾ ਸੁੰਗੜਦਾ ਗਿਆ। ਅਖ਼ੀਰ ਰੋਜ਼ੀ ਰੋਟੀ ਚਲਾਉਣ ਲਈ ਇਹ ਹੋਰ ਕੰਮਾਂ ਧੰਦਿਆਂ ਵਿੱਚ ਪੈ ਗਏ। ਤੀਜੀ ਪੀੜ੍ਹੀ ਵਿੱਚ ਕਿਸੇ ਨੇ ਵੀ ਪਰਿਵਾਰਕ ਵਿਰਾਸਤ ਨੂੰ ਅੱਗੇ ਨਹੀਂ ਤੋਰਿਆ। ਹਾਂ! ਇਹ ਗੱਲ ਜ਼ਰੂਰ ਹੈ ਕਿ ਬਸੰਤ ਦੇ ਇੱਕ ਪੋਤੇ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਜੋ ਪੰਜਾਬ ਪੁਲੀਸ ਵਿੱਚ ਨੌਕਰੀ ਕਰਦਾ ਹੈ, ਕੋਲ ਸਾਰੰਗੀ ਤੇ ਢੱਡਾਂ ਸੰਭਾਲੀਆਂ ਹੋਈਆਂ ਹਨ। ਇੱਕ ਹੋਰ ਪੋਤੇ ਨਾਹਰ ਸਿੰਘ ਪੁੱਤਰ ਹਰੀ ਸਿੰਘ ਕੋਲ ‘ਗੌਣਾਂ’ ਦੀ ਕਾਪੀ ਸੰਭਾਲੀ ਹੋਈ ਹੈ।
ਸੰਪਰਕ: 84271-00341