ਲਾਸ ਏਂਜਲਸ: ਗਰੈਮੀ ਐਵਾਰਡ ਜੇਤੂ ਰੈਪਰ, ਨਿਰਮਾਤਾ ਅਤੇ ਅਦਾਕਾਰ ਕੂਲੀਓ ਦਾ 59 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਰੈਪਰ ਦੇ ਲੰਮਾ ਸਮਾਂ ਮੈਨੇਜਰ ਰਹੇ ਜੈਰੇਲ ਪੋਸੀ ਨੇ ਦਿੰਦਿਆਂ ਦੱਸਿਆ ਕਿ ਕੂਲੀਓ ਦੀ ਬੁੱਧਵਾਰ ਦੁਪਹਿਰ ਨੂੰ ਮੌਤ ਹੋ ਗਈ। ਟੀਐਮਜ਼ੈੱਡ ਦੀ ਰਿਪੋਰਟ ਅਨੁਸਾਰ ਕੂਲੀਓ ਆਪਣੇ ਮਿੱਤਰ ਦੇ ਘਰ ਸ਼ੱਕੀ ਹਾਲਤ ਮ੍ਰਿਤਕ ਮਿਲਿਆ। ਦੱਸਣਾ ਬਣਦਾ ਹੈ ਕਿ ਕੁਲੀਓ 1995 ਦੀ ਹਿੱਟ ਫਿਲਮ ‘ਗੈਂਗਸਟਾਜ਼ ਪੈਰਾਡਾਈਜ਼’ ਨਾਲ ਕਾਫੀ ਮਸ਼ਹੂਰ ਹੋਇਆ ਸੀ। ਟ੍ਰਿਨਿਟੀ ਆਰਟਿਸਟ ਇੰਟਰਨੈਸ਼ਨਲ ਵਿਚ ਉਸ ਦੀ ਮੈਨੇਜਰ ਸ਼ੀਲਾ ਫਿਨੇਗਨ ਨੇ ਦੱਸਿਆ ਕਿ ਉਸ ਨੇ ਆਪਣੀ ਕਾਬਲੀਅਤ ਨਾਲ ਦੁਨੀਆ ਵਿਚ ਥਾਂ ਬਣਾਈ ਤੇ ਉਹ ਹਮੇਸ਼ਾ ਯਾਦ ਰਹੇਗਾ। ਕੂਲੀਓ ਨੇ 90 ਦੇ ਦਹਾਕੇ ਵਿੱਚ ਲਾਸ ਏਂਜਲਸ ਦੇ ਰੈਪ ਜਗਤ ਵਿਚ ਮੁੱਖ ਥਾਂ ਬਣਾਈ ਸੀ। ਜਦੋਂ ਉਸ ਨੇ ਮਿਸ਼ੇਲ ਫਾਈਫਰ ਦੀ 1995 ਦੀ ਫਿਲਮ ‘ਡੇਂਜਰਸ ਮਾਈਂਡਜ਼’ ਲਈ ‘ਗੈਂਗਸਟਾਜ਼ ਪੈਰਾਡਾਈਜ਼’ ਗੀਤ ਰਿਕਾਰਡ ਕੀਤਾ। ਇਹ ਗੀਤ ਤੇਜ਼ੀ ਨਾਲ ਹੁਣ ਤੱਕ ਦੇ ਸਭ ਤੋਂ ਪ੍ਰਸਿੱਧ ਰੈਪ ਗੀਤਾਂ ਵਿੱਚੋਂ ਇੱਕ ਬਣ ਗਿਆ, ਇਹ ਗੀਤ ਤਿੰਨ ਹਫ਼ਤਿਆਂ ਲਈ ਬਿਲਬੋਰਡ ਹੌਟ 100 ਵਿੱਚ ਸਿਖਰ ‘ਤੇ ਰਿਹਾ। -ਆਈਏਐੱਨਐੱਸ