ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 11 ਅਕਤੂਬਰ
ਬਾਲ ਅਭਿਨੇਤਾ ਰਾਹੁਲ ਕੋਲੀ, ਜੋ ਭਾਰਤ ਦੇ ਆਸਕਰ 2023 ਦੀ ਅਧਿਕਾਰਤ ਐਂਟਰੀ ‘ਛੇਲੋ ਸ਼ੋਅ’ ਦਾ ਹਿੱਸਾ ਸੀ, ਦਾ 10 ਸਾਲ ਦੀ ਉਮਰ ‘ਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਹੈ। ਇਸ ਫਿਲਮ ਦਾ ਹੁਣ ਲਾਸਟ ਫਿਲਮ ਸ਼ੋਅ (ਹਿੰਦੀ ਨਾਮ) ਰੱਖ ਦਿੱਤਾ ਗਿਆ ਹੈ। ਰਾਹੁਲ ਦੇ ਪਿਤਾ ਰਾਮੂ ਕੋਲੀ, ਜੋ ਰੋਜ਼ੀ-ਰੋਟੀ ਲਈ ਆਟੋ-ਰਿਕਸ਼ਾ ਚਲਾਉਂਦੇ ਹਨ, ਨੇ ਕਿਹਾ ਕਿ ਉਨ੍ਹਾਂ ਦਾ ਬੇਟਾ 14 ਅਕਤੂਬਰ ਨੂੰ ਫਿਲਮ ਦੀ ਰਿਲੀਜ਼ ਦੀ ਉਡੀਕ ਕਰ ਰਿਹਾ ਸੀ। ਇਸ ਮਹੀਨੇ ਦੀ 2 ਤਰੀਕ ਨੂੰ ਉਸ ਨੇ ਆਪਣਾ ਨਾਸ਼ਤਾ ਕੀਤਾ ਅਤੇ ਫਿਰ ਅਗਲੇ ਘੰਟਿਆਂ ਵਿੱਚ ਵਾਰ-ਵਾਰ ਬੁਖਾਰ ਆਉਣ ਤੋਂ ਬਾਅਦ ਰਾਹੁਲ ਨੇ ਤਿੰਨ ਵਾਰ ਖੂਨ ਦੀਆਂ ਉਲਟੀਆਂ ਕੀਤੀਆਂ ਅਤੇ ਉਸ ਦੀ ਮੌਤ ਹੋ ਗਈ।