ਮੁੰਬਈ: ਅਲੀ ਫ਼ਜ਼ਲ ਆਪਣੀ ਅਗਲੀ ਹੌਲੀਵੁੱਡ ਫ਼ਿਲਮ ‘ਅਫ਼ਗਾਨ ਡਰੀਮਰਜ਼’ ਵਿੱਚ ਨਜ਼ਰ ਆਵੇਗਾ। ਅਦਾਕਾਰ ਨੇ ਕਿਹਾ ਕਿ ਉਹ ਅਜਿਹੀ ‘ਲਾਜਵਾਬ ਕਹਾਣੀ’ ਦਾ ਹਿੱਸਾ ਬਣਨ ਲਈ ਉਤਾਵਲਾ ਹੈ। ਦੋ ਆਸਕਰ ਐਵਾਰਡ ਜੇਤੂ ਡਾਇਰੈਕਟਰ ਬਿੱਲ ਗੁੱਟਨਟੈਗ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ‘ਅਫ਼ਗਾਨ ਡਰੀਮਰਜ਼’ ਇੱਕ ਅਜਿਹੇ ਪ੍ਰੋਗਰਾਮ ਦੀ ਸੱਚੀ ਕਹਾਣੀ ਹੈ, ਜੋ ਅਫ਼ਗਾਨ ਉੱਦਮੀ ਰੋਇਆ ਮਹਿਬੂਬ ਵੱਲੋਂ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਕਸਦ ਅਫ਼ਗਾਨ ਔਰਤਾਂ ਦੇ ਹੁਨਰ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵਿਕਸਤ ਕਰ ਕੇ ਉਨ੍ਹਾਂ ਦੀ ਮਦਦ ਕਰਨਾ ਸੀ। ਇੱਕ ਮੀਡੀਆ ਬਿਆਨ ਰਾਹੀਂ ਫੈਜ਼ਲ ਨੇ ਗੁੱਟਨਟੈਗ ਨਾਲ ਕੰਮ ਕਰਨ ਦੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਗੁੱਟਨਟੈਗ ਦੀਆਂ ਦੋ ਲਘੂ ਫ਼ਿਲਮਾਂ ‘ਯੂ ਡਾਂਟ ਹੈਵ ਟੂ ਡਾਈ’ ਅਤੇ ‘ਟਵਿਨ ਟਾਵਰਜ਼’ ਨੇ ਆਸਕਰ ਐਵਾਰਡ ਵੀ ਜਿੱਤੇ ਹਨ। ਉਨ੍ਹਾਂ ਕਿਹਾ, ”ਅਫ਼ਗਾਨ ਡਰੀਮਰਜ਼ ਬਹੁਤ ਹੀ ਅਹਿਮ ਕਹਾਣੀ ਹੈ ਅਤੇ ਮੈਂ ਇਸ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।” ਫ਼ੈਜ਼ਲ ਇਸ ਤੋਂ ਪਹਿਲਾਂ ਕੌਮਾਂਤਰੀ ਫ਼ਿਲਮਾਂ ‘ਫਿਊਰੀਅਸ 7’, ‘ਵਿਕਟੋਰੀਆ ਐਂਡ ਅਬਦੁਲ’, ‘ਡੈੱਥ ਆਨ ਦਿ ਨਾਈਲ’ ਅਤੇ ਅਗਾਮੀ ‘ਕੰਧਾਰ’ ਵਿੱਚ ਕੰਮ ਕਰ ਚੁੱਕੇ ਹਨ। ਅਦਾਕਾਰ ਨਿਕੋਹਲ ਬੂੁਸ਼ੇਰੀ ਇਸ ਫ਼ਿਲਮ ਵਿੱਚ ਰੋਇਆ ਮਹਿਬੂਬ ਦੀ ਭੂਮਿਕਾ ਨਿਭਾਵੇਗੀ। ਫ਼ਜ਼ਲ ਦੀ ਭੂਮਿਕਾ ਬਾਰੇ ਵੇਰਵੇ ਹਾਲੇ ਨਸ਼ਰ ਨਹੀਂ ਕੀਤੇ ਗਏ। ਫ਼ਿਲਮ ਦੀ ਸ਼ੂਟਿੰਗ ਹਾਲ ਹੀ ਵਿੱਚ ਮੋਰੱਕੋ ਵਿੱਚ ਸ਼ੁਰੂ ਹੋ ਚੁੱਕੀ ਹੈ। -ਪੀਟੀਆਈ