ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ ਨੇ ਐਮਾਜ਼ੋਨ ਫਿਲਮ ‘ਐ ਵਤਨ ਮੇਰੇ ਵਤਨ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫਿਲਮ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ, ਜਿਸ ਦੀ ਕਹਾਣੀ ਦਰਾਬ ਫਾਰੂਕੀ ਤੇ ਕੰਨਨ ਅਈਅਰ ਵੱਲੋਂ ਲਿਖੀ ਗਈ ਹੈ। ਫਿਲਮ ਦਾ ਨਿਰਦੇਸ਼ਨ ਵੀ ਕੰਨਨ ਅਈਅਰ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਮੌਕੇ ਕੱਟੇ ਕੇਕ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਦਿੱਤੀ। ਇਸ ਤਸਵੀਰ ਨਾਲ ਅਦਾਕਾਰਾ ਨੇ ਲਿਖਿਆ ਹੈ, ”ਐ ਵਤਨ ਮੇਰੇ ਵਤਨ’ ਸ਼ੂਟਿੰਗ ਮੁਕੰਮਲ।’ ਇਸ ਫਿਲਮ ਵਿੱਚ ਅਦਾਕਾਰਾ ਨੇ ਆਜ਼ਾਦੀ ਦੀ ਲੜਾਈ ਲੜਨ ਵਾਲੀ ਬਹਾਦਰ ਤੇ ਸ਼ੇਰਦਿਲ ਸ਼ਖ਼ਸੀਅਤ ਦਾ ਕਿਰਦਾਰ ਨਿਭਾਇਆ ਹੈ, ਜਿਸ ਨੇ 1942 ਵਿੱਚ ਚਲਾਈ ਗਈ ‘ਭਾਰਤ ਛੱਡੋ’ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਤੇ ਅਪੂਰਵਾ ਮਹਿਤਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸੋਮੇਨ ਮਿਸ਼ਰਾ ਇਸ ਫਿਲਮ ਦੇ ਸਹਿ-ਨਿਰਮਾਤਾ ਹਨ। -ਪੀਟੀਆਈ