ਮੁੰਬਈ: 90ਵਿਆਂ ਵਿੱਚ ਸਿਨੇ ਜਗਤ ‘ਚ ਰਾਜ ਕਰਨ ਵਾਲੇ ਗੋਵਿੰਦਾ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ ਅਤੇ ਨਾਲ ਹੀ ਉਸ ਨੇ ਕਾਫੀ ਗੀਤਾਂ ‘ਤੇ ਯਾਦਗਾਰੀ ਡਾਂਸ ਵੀ ਕੀਤਾ ਹੈ। ਅੱਜ ਉਹ 59 ਸਾਲਾਂ ਦੇ ਹੋ ਗਏ ਹਨ। ਦੋ ਵਾਰ ‘ਫ਼ਿਲਮਫੇਅਰ ਐਵਾਰਡ’ ਜਿੱਤਣ ਵਾਲੇ ਗੋਵਿੰਦਾ ਦੇ ਪੰਜ ਅਜਿਹੇ ਗਾਣੇ ਹਨ, ਜਿਨ੍ਹਾਂ ‘ਤੇ ਉਸ ਨੇ ਆਪਣੇ ਡਾਂਸ ਦਾ ਲੋਹਾ ਮਨਵਾਇਆ ਹੈ। ਅਦਾਕਾਰ ਨੇ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ ਗੀਤ ‘ਕਿਸੀ ਡਿਸਕੋ ਮੇਂ ਜਾਏਂ’ ਉੱਤੇ ਅਦਾਕਾਰਾ ਰਵੀਨਾ ਟੰਡਨ ਨਾਲ ਡਾਂਸ ਕੀਤਾ ਹੈ। ਫ਼ਿਲਮ ‘ਖੁਦਗਰਜ਼’ ਵਿੱਚ ਉਸ ਨੇ ਗੀਤ ‘ਆਪ ਕੇ ਆ ਜਾਨੇ ਸੇ’ ਉੱਤੇ ਅਦਾਕਾਰਾ ਨੀਲਮ ਨਾਲ ਡਾਂਸ ਵਿੱਚ ਆਪਣੀ ਜੁਗਲਬੰਦੀ ਦਿਖਾਈ। ਫ਼ਿਲਮ ‘ਕੂਲੀ ਨੰਬਰ 1’ ਵਿਚ ਉਸ ਨੇ ਗੀਤ ‘ਹੁਸਨ ਹੈ ਸੁਹਾਨਾ’ ਉੱਤੇ ਗੋਵਿੰਦਾ ਵੱਲੋਂ ਅਦਾਕਾਰਾ ਕ੍ਰਿਸ਼ਮਾ ਕਪੂਰ ਨਾਲ ਕੀਤਾ ਡਾਂਸ ਯਾਦਗਾਰੀ ਹੋ ਨਿਬੜਿਆ। ਫ਼ਿਲਮ ‘ਕਿਉਂ ਕਿ… ਮੈਂ ਝੂਠ ਨਹੀਂ ਬੋਲਤਾ’ ਦੇ ਗੀਤ ‘ਏਕ ਲੜਕੀ ਚਾਹੀਏ ਖਾਸ ਖਾਸ’ ਅਜਿਹਾ ਪਿਆਰਾ ਦੋਗਾਣਾ ਗੀਤ ਹੈ, ਜਿਸ ਨੂੰ ਸੋਨੂ ਨਿਗਮ ਤੇ ਜਸਪਿੰਦਰ ਨਰੂਲਾ ਨੇ ਗਾਇਆ ਹੈ, ਜਿਸ ਵਿੱਚ ਗੋਵਿੰਦਾ ਨੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨਾਲ ਡਾਂਸ ਦਾ ਜਲਵਾ ਦਿਖਾਇਆ ਹੈ। ਫ਼ਿਲਮ ‘ਦੁਲਹੇ ਰਾਜਾ’ ਵਿੱਚ ਗੀਤ ‘ਅੱਖੀਓਂ ਸੇ ਗੋਲੀ ਮਾਰੇ’ ਉਤੇ ਗੋਵਿੰਦਾ ਨੇ ਮੁੜ ਰਵੀਨਾ ਟੰਡਨ ਨਾਲ ਸ਼ਾਨਦਾਰ ਜੁਗਲਬੰਦੀ ਦਿਖਾਈ। -ਏਐੱਨਆਈ