ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਣਾ ਦਿਲੋਂ ਪੂਰਾ ਪੰਜਾਬੀ ਹੈ। ਆਯੂਸ਼ਮਾਨ ਨੂੰ ਹਰ ਵੇਲੇ ਖਾਣੇ ਦਾ ਖਿਆਲ ਰਹਿੰਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਸ ਨੂੰ ਮਠਿਆਈਆਂ ਅਤੇ ਉਸ ਦੀ ਮਾਂ ਦੇ ਹੱਥ ਦਾ ਬਣਿਆ ਖਾਣਾ, ਵਿਸ਼ੇਸ਼ ਤੌਰ ‘ਤੇ ਰਾਜਮਾਂਹ-ਚੌਲ, ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ ਤੇ ਗਜਰੇਲਾ ਉਸ ਨੂੰ ਬਹੁਤ ਪਸੰਦ ਹੈ। ਆਦਾਕਾਰ ਆਪਣੀ ਸ਼ੂਟਿੰਗ ਦੇ ਸਮੇਂ ਅਨੁਸਾਰ ਆਪਣੀ ਸਿਹਤ ਦੇ ਅਨੁਕੂਲ ਭੋਜਨ ਖਾਂਦਾ ਹੈ। ਇਸ ਤੋਂ ਇਲਾਵਾ ਹਰ ਦਿਵਾਲੀ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਆਪਣੇ ਜੱਦੀ ਸ਼ਹਿਰ ਚੰਡੀਗੜ੍ਹ ਜਾ ਕੇ ਵੀ ਆਯੂਸ਼ਮਾਨ ਨੂੰ ਬਹੁਤ ਖੁਸ਼ੀ ਮਿਲਦੀ ਹੈ। ਇਸ ਸਮੇਂ ਦੌਰਾਨ ਉਹ ਆਪਣੀ ਮਾਂ ਦੇ ਹੱਥ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਦਾ ਆਨੰਦ ਮਾਣਦਾ ਹੈ। ਆਯੂਸ਼ਮਾਨ ਨੇ ਆਖਿਆ, ‘ਮੇਰੀ ਮਾਂ ਅਤੇ ਮੇਰੀ ਸੱਸ, ਦੋਵੇਂ ਮੇਰੀਆਂ ਪਸੰਦੀਦਾ ਚੀਜ਼ਾਂ ਬਣਾ ਕੇ ਮੈਨੂੰ ਖਵਾਉਂਦੀਆਂ ਹਨ ਤੇ ਮੈਨੂੰ ਵਿਗਾੜ ਰਹੀਆਂ ਹਨ ਤੇ ਮੈਂ ਇਸ ਦੇ ਮਜ਼ੇ ਲੈਂਦਾ ਹਾਂ। ਮੇਰੇ ਲਈ ਇਹ ਫ਼ੈਸਲਾ ਲੈਣਾ ਮੁਸ਼ਕਲ ਹੋ ਜਾਂਦਾ ਹੈ ਕਿ ਮੈਂ ਅਗਲੇ ਦਿਨ ਕੀ ਖਾਵਾਂਗਾ। ਮੈਨੂੰ ਉਨ੍ਹਾਂ ਦੇ ਹੱਥ ਦੀ ਬਣੀ ਹਰ ਚੀਜ਼ ਖਾਣੀ ਪਸੰਦ ਹੈ। ਇਸ ਸਾਲ ਵੀ ਮੈਂ ਛੁੱਟੀਆਂ ਦੌਰਾਨ ਚੰਡੀਗੜ੍ਹ ਜਾ ਕੇ ਆਪਣੀਆਂ ਦੋਵੇਂ ਮਾਵਾਂ ਤੋਂ ਪਿਆਰ ਲੈਣ ਲਈ ਉਤਾਵਲਾ ਹਾਂ।’ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣ ਦੀ ਗੱਲ ਕਰਦਿਆਂ ਅਦਾਕਾਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਤੇ ਕਿਸੇ ਨੂੰ ਵੀ ਆਪਣੀਆਂ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ, ਜਿਵੇਂ ਮੇਰੀਆਂ ਜੜ੍ਹਾਂ ਚੰਡੀਗੜ੍ਹ ਵਿੱਚ ਹਨ। ਮੁੰਬਈ ਵਿੱਚ ਹੋਣ ਦੇ ਬਾਵਜੂਦ ਮੇਰੀ ਸ਼ਖ਼ਸੀਅਤ ‘ਤੇ ਸਭ ਤੋਂ ਵੱਧ ਪ੍ਰਭਾਵ ਮੇਰੇ ਮਾਤਾ-ਪਿਤਾ ਤੇ ਇਸ ਸ਼ਹਿਰ ਦਾ ਹੈ।’ ਜ਼ਿਕਰਯੋਗ ਹੈ ਕਿ ਇਸ ਸਾਲ ਦੀ ਆਪਣੀ ਸ਼ੂਟਿੰਗ ਮੁਕੰਮਲ ਕਰਨ ਮਗਰੋਂ ਆਯੂਸ਼ਮਾਨ ਛੁੱਟੀਆਂ ਮਨਾਉਣ ਲਈ ਚੰਡੀਗੜ੍ਹ ਰਵਾਨਾ ਹੋਵੇਗਾ। -ਆਈਏਐੱਨਐੱਸ