ਮੁੰਬਈ: ਬੌਲੀਵੁੱਡ ਦੇ ਉੱਘੇ ਗੀਤਕਾਰ ਜਾਵੇਦ ਅਖਤਰ ਅੱਜ 78 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਆਪਣੇ ਸਿਨੇ ਜਗਤ ਦੇ ਕਰੀਅਰ ਵਿਚ ਕਈ ਫਿਲਮਾਂ ਦੀਆਂ ਕਹਾਣੀਆਂ ਤੇ ਗੀਤ ਲਿਖੇ। ਅੱਜ ਬੌਲੀਵੁਡ ਵਿੱਚ ਜਾਵੇਦ ਅਖ਼ਤਰ ਦਾ ਨਾਂ ਸਨਮਾਨ ਨਾਲ ਲਿਆ ਜਾਂਦਾ ਹੈ। ਜਾਵੇਦ ਆਪਣੀ ਗੱਲ ਬੇਬਾਕੀ ਨਾਲ ਕਹਿਣ ਲਈ ਵੀ ਮਸ਼ਹੂਰ ਹਨ। ਜਾਵੇਦ ਅਖਤਰ ਦਾ ਜਨਮ 17 ਜਨਵਰੀ 1945 ਨੂੰ ਗਵਾਲੀਅਰ ਵਿੱਚ ਹੋਇਆ ਸੀ ਤੇ ਉਹ ਇਕ ਦਿਨ ਆਪਣੇ ਪਿਤਾ ਨਾਲ ਨਾਰਾਜ਼ ਹੋ ਕੇ ਗਵਾਲੀਅਰ ਛੱਡ ਕੇ ਮੁੰਬਈ ਆ ਗਏ। ਇਥੇ ਉਨ੍ਹਾਂ ਕਮਾਲ ਅਮਰੋਹੀ ਦੇ ਪ੍ਰੋਡਕਸ਼ਨ ਹਾਊਸ ਵਿਚ ”ਕਲੈਪ ਬੁਆਏ” ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਸਾਲ 1966 ਵਿਚ ਐਮਐਮ ਸਾਗਰ ਫਿਲਮ ‘ਸਰਹੱਦੀ ਲੁਟੇਰਾ’ ਬਣਾ ਰਹੇ ਸਨ ਜਿਸ ਵਿਚ ਸਲੀਮ ਖਾਨ ਅਦਾਕਾਰ ਸਨ ਤੇ ਜਾਵੇਦ ‘ਕਲੈਪ ਬੁਆਏ’ ਦੀ ਭੂਮਿਕਾ ਵਿਚ ਸੀ। ਉਨ੍ਹਾਂ ਸਲੀਮ ਖਾਨ ਨਾਲ ਮਿਲ ਕੇ ਕਈ ਸਾਲ ਕੰਮ ਕੀਤਾ ਤੇ ਜਾਵੇਦ-ਸਲੀਮ ਦੀ ਜੋੋੜੀ ਬੌਲੀਵੁਡ ਦੀਆਂ ਹਿੱਟ ਜੋੜੀਆਂ ਵਿਚੋਂ ਇਕ ਸੀ। ਇਸ ਜੋੜੀ ਨੇ ‘ਯਾਦੋਂ ਕੀ ਬਾਰਾਤ’, ‘ਜ਼ੰਜੀਰ’, ‘ਦੀਵਾਰ’, ‘ਤ੍ਰਿਸ਼ੂਲ’, ‘ਕਾਲਾ ਪੱਥਰ’, ‘ਦੋਸਤਾਨਾ’, ‘ਸੀਤਾ ਔਰ ਗੀਤਾ’ ਵਰਗੀਆਂ ਹਿੱਟ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ। ਇਨ੍ਹਾਂ ਦੋਵਾਂ ਦੀਆਂ ਬਲਾਕਬਸਟਰ ਫਿਲਮਾਂ ਵਿਚ ‘ਸ਼ੋਅਲੇ’, ‘ਮਿਸਟਰ ਇੰਡੀਆ’, ‘ਡੌਨ’, ‘ਦੀਵਾਰ’ ਤੇ ‘ਜ਼ੰਜੀਰ’ ਸ਼ਾਮਲ ਹਨ। ਇਸ ਤੋਂ ਬਾਅਦ ਦੋਵਾਂ ਦੀ ਜੋੜੀ ਟੁੱਟ ਗਈ। -ਏਐੱਨਆਈ