ਮੁੰਬਈ: ਬ੍ਰਿਟਿਸ਼ ਬੋਰਡ ਆਫ ਫਿਲਮ ਕਲਾਸੀਫਿਕੇਸ਼ਨ (ਬੀਬੀਐੱਫਸੀ) ਨੇ ਸ਼ਾਹਰੁਖ ਖ਼ਾਨ ਦੀ ਭਲਕੇ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਫਿਲਮ ‘ਪਠਾਨ’ ਨੂੰ 12-ਏ ਦੀ ਰੇਟਿੰਗ ਦਿੱਤੀ ਹੈ। ਬੀਬੀਐੱਫਸੀ ਨੇ ਆਪਣੀ ਵੈੱਬਸਾਈਟ ‘ਤੇ ਰੇਟਿੰਗ ਬਾਰੇ ਵਿਸਥਾਰਤ ਜਾਣਕਾਰੀ ਸਮੇਤ ਫਿਲਮ ‘ਪਠਾਨ’ ਦੀ ਰੇਟਿੰਗ ਸਾਂਝੀ ਕੀਤੀ ਹੈ। ਰੇਟਿੰਗ ਪੈਮਾਨੇ ਅਨੁਸਾਰ 12-ਏ ਦੀ ਰੇਟਿੰਗ ਵਾਲੀ ਫਿਲਮ ਨੂੰ 12 ਸਾਲ ਤੋਂ ਘੱਟ ਉਮਰ ਵਾਲਾ ਬੱਚਾ ਸਿਨੇਮਾਘਰ ‘ਚ ਕਿਸੇ ਬਾਲਗ ਨਾਲ ਹੀ ਦੇਖ ਸਕਦਾ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ ਹੇਠ ਹਿੰਦੀ ਭਾਸ਼ਾ ਵਿੱਚ ਬਣੀ ਫਿਲਮ ‘ਪਠਾਨ’ ਇੱਕ ਖੁਫ਼ੀਆ ਏਜੰਟ ਅਤੇ ਸਾਬਕਾ ਪੁਲੀਸ ਅਧਿਕਾਰੀ ਵੱਲੋਂ ਭਾਰਤ ਦੀ ਜ਼ਮੀਨ ‘ਤੇ ਹੋਣ ਵਾਲੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਦੀ ਕਹਾਣੀ ਹੈ। ਬੋਰਡ ਨੇ ਫਿਲਮ ਨੂੰ ਸ਼ਬਦਾਵਲੀ, ਸਰੀਰਕ ਕੱਟ-ਵੱਢ ਤੇ ਅਸ਼ਲੀਲ ਦ੍ਰਿਸ਼ਾਂ ਕਰਕੇ 12-ਏ ਦੀ ਰੇਟਿੰਗ ਦਿੱਤੀ ਹੈ। ਯਸ਼ ਰਾਜ ਫਿਲਮਜ਼ ਦੇ ਪ੍ਰਾਜੈਕਟ ਤਹਿਤ ਸ਼ਾਹਰੁਖ ਇਸ ਫਿਲਮ ‘ਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਸ ਤੋਂ ਪਹਿਲਾਂ ਉਹ 2018 ਵਿੱਚ ਆਈ ਫਿਲਮ ‘ਜ਼ੀਰੋ’ ਵਿੱਚ ਦਿਖਾਈ ਦਿੱਤਾ ਸੀ। ਫਿਲਮ ‘ਪਠਾਨ’ ‘ਚ ਜੌਹਨ ਅਬਰਾਹਮ ਤੇ ਦੀਪਿਕਾ ਪਾਦੂਕੋਣ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਯਸ਼ ਰਾਜ ਫਿਲਮਜ਼ ਅਨੁਸਾਰ ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ 100 ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ