ਮੁੰਬਈ: ਭਾਰਤੀ ਟੀਵੀ ਜਗਤ ‘ਤੇ ਰਾਜ ਕਰਨ ਵਾਲੀ ਨਿਰਮਾਤਾ ਏਕਤਾ ਕਪੂਰ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਸੈਲਫੀ’ ਦੀ ਅਸਫਲਤਾ ਤੋਂ ਬਾਅਦ ਸੁਪਰਸਟਾਰ ਅਕਸ਼ੈ ਕੁਮਾਰ ਦੇ ਸਮਰਥਨ ‘ਚ ਆ ਗਈ ਹੈ। ਦੱਸਣਾ ਬਣਦਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਥੀਏਟਰ ਵੱਲ ਖਿੱਚਣ ਵਿੱਚ ਅਸਫਲ ਸਾਬਤ ਹੋਈ ਹੈ। ਇਸ ਫਿਲਮ ਵਿਚ ਇਮਰਾਨ ਹਾਸ਼ਮੀ ਵੀ ਹੈ ਤੇ ਇਹ ਫਿਲਮ 2019 ਦੀ ਮਲਿਆਲਮ ਫਿਲਮ ‘ਡਰਾਈਵਿੰਗ ਲਾਇਸੈਂਸ’ ਦਾ ਰੀਮੇਕ ਹੈ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਹਾਲੇ ਤਕ ਸਿਰਫ 2.5 ਕਰੋੜ ਰੁਪਏ ਕਮਾਏ ਹਨ ਤੇ ਇਹ ਫਿਲਮ ਅਕਸ਼ੈ ਕੁਮਾਰ ਦੀ ਛੇਵੀਂ ਫਿਲਮ ਹੈ ਜੋ ਫਲਾਪ ਸਿੱਧ ਹੋਈ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੀਆਂ ‘ਬੱਚਨ ਪਾਂਡੇ’, ‘ਸਮਰਾਟ ਪ੍ਰਿਥਵੀਰਾਜ’, ‘ਰਕਸ਼ਾ ਬੰਧਨ’, ‘ਕਠਪੁਤਲੀ’ ਅਤੇ ‘ਰਾਮ ਸੇਤੂ’ ਫਿਲਮਾਂ ਵੀ ਬਾਕਸ ਆਫਿਸ ‘ਤੇ ਫਲਾਪ ਰਹੀਆਂ ਹਨ। ਏਕਤਾ ਕਪੂਰ ਨੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰਦਿਆਂ ਲਿਖਿਆ, ‘ਅਕਸ਼ੈ ਕੁਮਾਰ ਕੰਮ ਕਰਨ ਲਈ ਸਭ ਤੋਂ ਭਰੋਸੇਮੰਦ ਅਦਾਕਾਰ ਹੈ!!!’ ਏਕਤਾ ਨੇ ਇਹ ਪੋਸਟ ਕੰਗਨਾ ਰਣੌਤ ਦੀ ‘ਸੈਲਫੀ’ ਦੀ ਆਲੋਚਨਾ ਕਰਨ ਤੋਂ ਬਾਅਦ ਸ਼ੇਅਰ ਕੀਤੀ ਹੈ। ਕੰਗਨਾ ਨੇ ਬਾਕਸ ਆਫਿਸ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਕਰਨ ਜੌਹਰ ਦੀ ਫਿਲਮ ‘ਸੈਲਫੀ’ ਨੇ ਪਹਿਲੇ ਦਿਨ ਬੜੀ ਔਖ ਨਾਲ 10 ਲੱਖ ਦਾ ਕਾਰੋਬਾਰ ਕੀਤਾ ਤੇ ਮੀਡੀਆ ਵਾਲਿਆਂ ਨੇ ਵੀ ਫਿਲਮ ਦੀ ਅਸਫਲਤਾ ‘ਤੇ ਮਜ਼ਾਕ ਉਡਾਇਆ।’ -ਆਈਏਐੱਨਐੱਸ