ਮੁੰਬਈ: ਅਦਾਕਾਰ ਅਮਿਤਾਭ ਬੱਚਨ ‘ਪ੍ਰਾਜੈਕਟ ਕੇ’ ਦੇ ਸ਼ੂਟਿੰਗ ਸੈੱਟ ‘ਤੇ ਪਰਤ ਆਏ ਹਨ। ਬੀਤੀ ਦੇਰ ਰਾਤ ਆਪਣੇ ਬਲਾਗ ‘ਤੇ ਉਨ੍ਹਾਂ ਨੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੈੱਟ ‘ਤੇ ਵਾਪਸੀ ਮਗਰੋਂ ਉਨ੍ਹਾਂ ਦਾ ਜੋਸ਼ ਤਸਵੀਰਾਂ ਰਾਹੀਂ ਝਲਕ ਰਿਹਾ ਸੀ। ਉਨ੍ਹਾਂ ਨੇ ਪਹਿਲੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਕੰਮ ਲਈ ਰਵਾਨਾ ਹੋ ਰਿਹਾ ਹਾਂ। ਸਹੀ ਤਰ੍ਹਾਂ ਚੱਲਿਆ ਨਹੀਂ ਜਾ ਰਿਹਾ ਪਰ ਅੱਗੇ ਵਧ ਰਿਹਾ ਹਾਂ।” ਇਸ ਮਗਰੋਂ ਉਨ੍ਹਾਂ ਨੇ ਸ਼ੂਟਿੰਗ ਸੈੱਟ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਨ ਮਗਰੋਂ ਮੇਕ-ਅਪ ਰੂਮ ਦੀ ਤਸਵੀਰ ਸਾਂਝੀ ਕੀਤੀ। ਅਗਲੀ ਤਸਵੀਰ ਵਿੱਚ ਉਹ ਨਿਰਦੇਸ਼ਕ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਸਨ। ਅਮਿਤਾਭ ਨੇ ਦੱਸਿਆ ਕਿ ਹੈਦਰਾਬਾਦ ਵਿੱਚ ‘ਪ੍ਰਾਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਉਹ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਸ਼ੂਟਿੰਗ ਰੱਦ ਕਰ ਦਿੱਤੀ ਗਈ ਸੀ ਅਤੇ ਡਾਕਟਰ ਦੀ ਸਲਾਹ ਨਾਲ ਹੈਦਰਾਬਾਦ ਦੇ ਏਆਈਜੀ ਹਸਪਤਾਲ ‘ਚੋਂ ਸੀਟੀ ਸਕੈਨ ਕਰਵਾਇਆ ਸੀ। ਨਾਗ ਅਸ਼ਵਿਨ ਦੇ ਨਿਰਦੇਸ਼ਨ ਹੇਠ ਬਣ ਰਹੀ ‘ਪ੍ਰਾਜੈਕਟ ਕੇ’ ਦੋ-ਭਾਸ਼ਾਈ ਫਿਲਮ ਹੈ। ਇਹ ਫਿਲਮ ਹਿੰਦੀ ਅਤੇ ਤੇਲਗੂ ਵਿੱਚ ਵੱਖ ਵੱਖ ਥਾਵਾਂ ‘ਤੇ ਇੱਕੋ ਸਮੇਂ ਸ਼ੂਟ ਹੋ ਰਹੀ ਹੈ। ਫਿਲਮ ਵਿੱਚ ਦੀਪਿਕਾ ਪਾਦੂਕੋਨ ਅਤੇ ਪ੍ਰਭਾਸ ਵੀ ਅਹਿਮ ਕਿਰਦਾਰਾਂ ‘ਚ ਨਜ਼ਰ ਆਉਣਗੇ। -ਏਐੱਨਆਈ