ਮੁੰਬਈ: ਬੌਲੀਵੁਡ ਅਦਾਕਾਰ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਪ੍ਰੇਮ ਕਹਾਣੀ ‘ਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ, ਇਸ ਫਿਲਮ ਦਾ ਨਾਂ ਬਾਅਦ ਵਿਚ ਐਲਾਨਿਆ ਜਾਵੇਗਾ। ਕ੍ਰਿਤੀ ਨੇ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਅਪਡੇਟ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, ‘ਸਾਡੀ ਇੰਪੌਸੀਬਲ ਲਵ ਸਟੋਰੀ ਦੀ ਸ਼ੂਟਿੰਗ ਮੁਕੰਮਲ, ਸਾਡੀ ਫਿਲਮ ਅਕਤੂਬਰ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।’ ਇਹ ਫਿਲਮ ਜੀਓ ਸਟੂਡੀਓ ਅਤੇ ਦਿਨੇਸ਼ ਵਿਜਯਨ ਦੀ ਪੇਸ਼ਕਾਰੀ ਨਾਲ ਤਿਆਰ ਕੀਤੀ ਗਈ ਹੈ ਜਿਸ ਦੇ ਲੇਖਕ ਤੇ ਨਿਰਦੇਸ਼ਕ ਅਮਿਤ ਜੋਸ਼ੀ ਅਤੇ ਅਰਾਧਨਾ ਸ਼ਾਹ ਹਨ। ਫਿਲਮ ਦੇ ਨਿਰਮਾਤਾਵਾਂ ਨੇ ਸ਼ਾਹਿਦ ਤੇ ਕ੍ਰਿਤੀ ਦੀ ਇਸ ਫਿਲਮ ਦੀ ਪਹਿਲੀ ਝਲਕ ਵੀ ਜਾਰੀ ਕੀਤੀ ਹੈ ਜਿਸ ਵਿਚ ਦੋਵੇਂ ਇਕ ਮੋਟਰਸਾਈਕਲ ‘ਤੇ ਬੈਠੇ ਨਜ਼ਰ ਆ ਰਹੇ ਹਨ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ ਢੇਰ ਸਾਰੀਆਂ ਹਾਂਪੱਖੀ ਟਿੱਪਣੀਆਂ ਕੀਤੀਆਂ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਹੈ, ‘ਦੋ ਹੌਟ ਅਦਾਕਾਰ ਇਕੱਠੇ… ਸਭ ਤੋਂ ਵਧੀਆ ਖ਼ਬਰ।’ ਇਸ ਤੋਂ ਇਲਾਵਾ ਸ਼ਾਹਿਦ ਕਪੂਰ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਆਉਣ ਵਾਲੀ ਐਕਸ਼ਨ ਫਿਲਮ ‘ਬਲੱਡੀ ਡੈਡੀ’ ‘ਚ ਵੀ ਨਜ਼ਰ ਆਵੇਗਾ। ਇਸ ਫਿਲਮ ਦੇ ਰਿਲੀਜ਼ ਹੋਣ ਦੀ ਅਧਿਕਾਰਤ ਮਿਤੀ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ। ਦੂਜੇ ਪਾਸੇ, ਕ੍ਰਿਤੀ ਮੈਗਾਸਟਾਰ ਅਮਿਤਾਭ ਬੱਚਨ ਅਤੇ ਟਾਈਗਰ ਸ਼ਰਾਫ ਨਾਲ ‘ਗਣਪਤ’ ਵਿਚ ਕੰਮ ਕਰ ਰਹੀ ਹੈ। -ਏਐੱਨਆਈ