ਮੁੰਬਈ: ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਡਾਕਟਰ ਜੀ’ ਨੂੰ ਸੈਂਸਰ ਬੋਰਡ ਵੱਲੋਂ ‘ਏ’ ਸਰਟੀਫਿਕੇਟ ਮਿਲਿਆ ਹੈ। ਫਿਲਮ ਨਿਰਮਾਤਾ ਇਸ ਗੱਲੋਂ ਖ਼ੁਸ਼ ਹਨ ਕਿ ਇਹ ਫਿਲਮ ਬਿਨਾਂ ਕੋਈ ਕੱਟ ਲੱਗਿਆਂ ਪਾਸ ਹੋ ਗਈ ਹੈ। ਇਸ ਫਿਲਮ ਵਿੱਚ ਆਯੂਸ਼ਮਾਨ ਗਾਇਨੀਕੋਲੋਜਿਸਟ ਦੀ ਭੂਮਿਕਾ ਨਿਭਾਅ ਰਿਹਾ ਹੈ। ਇਹ ਕਾਮੇਡੀ ਫਿਲਮ ਹੈ। ਇਹ ਇੱਕ ਉਸ ਵਿਦਿਆਰਥੀ ਦੀ ਕਹਾਣੀ ਹੈ ਜੋ ਹੱਡੀਆਂ ਦਾ ਡਾਕਟਰ ਬਣਨਾ ਚਾਹੁੰਦਾ ਹੈ ਪਰ ਉਸ ਨੂੰ ਗਾਇਨੀਕੋਲੋਜੀ ਦੀ ਪੜ੍ਹਾਈ ਕਰਨੀ ਪੈਂਦੀ ਹੈ। ਔਰਤਾਂ ਨਾਲ ਜੁੜੇ ਵਿਭਾਗ ਵਿੱਚ ਉਹ ਇਕੱਲਾ ਹੀ ਮੁੰਡਾ ਹੁੰਦਾ ਹੈ। ਇਸ ਕੋਰਸ ਵਿੱਚ ਉਸ ਨੂੰ ਆਉਣ ਵਾਲੀਆਂ ਦਿੱਕਤਾਂ ਦਰਸ਼ਕਾਂ ਨੂੰ ਹਸਾਉਣਗੀਆਂ। ਜੰਗਲੀ ਪਿਕਚਰਜ਼ ਦੀ ਸੀਈਓ ਅੰਮ੍ਰਿਤਾ ਪਾਂਡੇ ਨੇ ਕਿਹਾ, ”ਇਹ ਫਿਲਮ ਕੁਝ ਰੂੜੀਵਾਦੀ ਧਾਰਨਾਵਾਂ ਨੂੰ ਤੋੜਦੀ ਹੈ ਜਿਸ ਦੀ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ਤੋਂ ਉਮੀਦ ਕੀਤੀ ਜਾਂਦੀ ਹੈ।” ਅਨੁਭੂਤੀ ਦੇ ਨਿਰਦੇਸ਼ਨ ਵਾਲੀ ਇਹ ਫ਼ਿਲਮ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। -ਆਈਏਐਨਐਸ